ਪ੍ਰਦੀਪ ਭਨੋਟ, ਨਵਾਂਸ਼ਹਿਰ : ਪੰਜਾਬ ਰੋਡਵੇਜ਼ ਦਾ ਬੇੜਾ ਕੰਡਮ ਬੱਸਾਂ ਦੇ ਸਹਾਰੇ ਚੱਲ ਰਿਹਾ ਹੈ। ਸਥਿਤੀ ਇਹ ਹੈ ਕਿ ਜਦੋਂ ਤਕ ਬੱਸਾਂ ਪੂਰੀ ਤਰ੍ਹਾਂ ਨਕਾਰਾ ਨਹੀਂ ਹੋ ਜਾਂਦੀਆਂ, ਉਦੋਂ ਤਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਇਨ੍ਹਾਂ ਬੱਸਾਂ ਨੂੰ ਸੜਕਾਂ 'ਤੇ ਭਜਾਇਆ ਜਾ ਰਿਹਾ ਹੈ। ਕੰਡਮ ਬੱਸਾਂ ਸਵਾਰੀਆਂ ਦੀ ਜਾਨਾਂ ਨੂੰ ਖਤਰੇ 'ਚ ਪਾ ਰਹੀ ਹੈ। ਨਵਾਂਸ਼ਹਿਰ ਡਿੱਪੂ 'ਚ ਰੋਡਵੇਜ਼ ਦੀ 65 ਫੀਸਦੀ ਬੱਸਾਂ ਆਪਣੀ ਉਮਰ ਪੂਰੀ ਕਰ ਚੁੱਕੀਆਂ ਹਨ। 35 ਫੀਸਦੀ ਬੱਸਾਂ ਹੀ ਸੜਕਾਂ 'ਤੇ ਚੱਲਣ ਦੇ ਯੋਗ ਹਨ। ਇਸ ਦੇ ਬਾਵਜੂਦ ਇਨ੍ਹਾਂ ਬੱਸਾਂ ਨੂੰ ਸੜਕਾਂ 'ਤੇ ਭਜਾਇਆ ਜਾ ਰਿਹਾ ਹੈ। ਸਥਿਤ ਇਹੀ ਹੈ ਕਿ ਰੋਜ਼ਾਨਾ ਅੌਸਤਨ ਤਿੰਨ ਬੱਸਾਂ ਰਸਤੇ ਵਿਚ ਹੀ ਧੋਖਾ ਦੇ ਜਾਂਦੀਆਂ ਹਨ ਅਤੇ ਸਵਾਰੀਆਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ। ਪੰਜਾਬ ਰੋਡਵੇਜ਼ ਨਵਾਂਸ਼ਹਿਰ ਦੇ ਡਿੱਪੂ 'ਚ ਕੁੱਲ 94 ਬੱਸਾਂ ਦਾ ਬੇੜਾ ਹੈ। ਇਸ 'ਚ ਪੰਜਾਬ ਰੋਡਵੇਜ਼ ਦੀਆਂ 12 ਰੋਡਵੇਜ਼ ਦੀ ਅਤੇ ਬਾਕੀ ਪਨਬੱਸ ਦੀ ਹੈ। ਇਸ ਵਿਚ 4 ਮਿੰਨੀ ਬੱਸਾਂ ਵੀ ਹਨ। ਜਿਹੜੀਆਂ ਜ਼ਿਲ੍ਹੇ ਦੇ ਪੇਂਡੂ ਇਲਾਕਿਆਂ ਦੇ ਲਈ ਹੈ। ਇਨ੍ਹਾਂ ਬੱਸਾਂ ਤੋਂ ਰੋਡਵੇਜ਼ ਨੂੰ ਰੋਜ਼ਾਨਾ ਸੱਤ ਲੱਖ ਰੁਪਏ ਦੇ ਕਰੀਬ ਆਮਦਨ ਹੁੰਦੀ ਹੈ। ਜਿਸ ਦੌਰਾਨ ਇਹ ਬੱਸਾਂ ਹਰ ਮਹੀਨੇ ਦੋ ਕਰੋੜ ਰੁਪਏ ਦੀ ਕਮਾਈ ਰੋਡਵੇਜ਼ ਨੂੰ ਹੰੁਦੀ ਹੈ। ਇਨ੍ਹਾਂ ਬੱਸਾਂ ਵਿਚ ਰੋਜ਼ਾਨਾ ਦਸ ਹਜ਼ਾਰ ਤੋਂ ਜ਼ਿਆਦਾ ਲੋਕ ਸਫਰ ਕਰਦੇ ਹਨ। ਜਿੰਨ੍ਹਾਂ ਤੋਂ ਕਿਰਾਇਆ ਤਾਂ ਪੂਰਾ ਲਿਆ ਜਾਂਦਾ ਹੈ ਪਰ ਇਹ ਬੱਸਾਂ ਅੱਧੇ ਰਸਤੇ ਵਿਚ ਹੀ ਧੋਖਾ ਦੇ ਜਾਣ ਕੋਈ ਨਹੀਂ ਜਾਣਦਾ। ਲੋਕ ਮਜਬੂਰੀ 'ਚ ਇਨ੍ਹਾਂ ਬੱਸਾਂ ਵਿਚ ਸਫਰ ਕਰਦੇ ਹਨ ਕਿਉਂਕਿ ਉਨ੍ਹਾਂ ਕੋਲ ਕੋਈ ਹੋਰ ਚਾਰਾ ਹੀ ਨਹੀਂ ਹੁੰਦਾ। 94 ਬੱਸਾਂ 'ਚੋਂ 61 ਬੱਸਾਂ ਆਪਣੀ ਉਮਰ ਪੂਰੀ ਕਰ ਚੁੱਕੀਆਂ ਹਨ। ਇਹ ਬੱਸਾਂ ਪੰਜ ਸਾਲ ਤੋਂ ਜ਼ਿਆਦਾ ਪੁਰਾਣੀਆਂ ਹਨ ਅਤੇ ਇਹ ਅੱਠ ਤੋਂ ਦਸ ਲੱਖ ਕਿਲੋਮੀਟਰ ਤਕ ਚੱਲ ਚੁੱਕੀਆਂ ਹਨ। ਬੱਸਾਂ ਦੀ ਸਥਿਤੀ ਇਹ ਹੈ ਕਿ ਮੀਂਹ ਦੇ ਦਿਨਾਂ 'ਚ ਬੱਸਾਂ ਦੀਆਂ ਸੀਟਾਂ 'ਤੇ ਪਾਣੀ ਡਿਗਣਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਬੱਸਾਂ ਵਿਚ ਨਾ ਇੰਡੀਗੇਟਰ ਹੁੰਦਾ ਹੈ ਅਤੇ ਨਾ ਹੀ ਟੇਲ ਲਾਈਟ। ਬੱਸ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਸੁਰਖਿਆ ਦੇ ਉਪਕਰਨ ਵੀ ਨਹੀਂ ਹੁੰਦੇ।

ਇਕ ਦਰਜਨ ਬੱਸਾਂ ਚੱਲ ਚੁੱਕੀਆਂ ਹਨ 14 ਲੱਖ ਕਿਲੋਮੀਟਰ

ਰੋਡਵੇਜ਼ ਦੇ ਬੇੜੇ ਵਿਚ ਸ਼ਾਮਲ 12 ਬੱਸਾਂ ਅਜਿਹੀਆਂ ਹਨ ਕਿ ਕੰਡਮ ਹੋਣ ਦੇ ਬਾਵਜੂਦ ਵੀ ਇਹ ਬੱਸਾਂ ਚੱਲ ਰਹੀਆਂ ਹਨ। ਹੁਣ ਤਕ ਇਹ 14 ਲੱਖ ਕਿਲੋਮੀਟਰ ਤੋਂ ਜ਼ਿਆਦਾ ਚੱਲ ਚੁੱਕੀਆਂ ਹਨ।

ਨਵੀਆਂ ਬੱਸਾਂ ਲਈ ਸਰਕਾਰ ਦੇਵੇ ਅਲਗ ਤੋਂ ਬਜਟ-ਦਵਿੰਦਰ

ਪੰਜਾਬ ਗਵਰਮੈਂਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੇ ਜਨਰਲ ਸੈਕਟਰੀ ਦਵਿੰਦਰ ਕੁਮਾਰ ਨੇ ਦੱਸਿਆ ਕਿ ਯੂਨੀਅਨ ਕੰਡਮ ਬੱਸਾਂ ਨੂੰ ਹਟਾ ਕੇ ਨਵੀਆਂ ਬੱਸਾਂ ਪਾਉਣ ਲਈ ਕਾਫ਼ੀ ਦੇਰ ਤੋਂ ਡਿਮਾਂਡ ਕਰ ਰਹੀ ਹੈ। ਰੋਡਵੇਜ਼ ਡਿੱਪੂ ਨਵਾਂਸ਼ਹਿਰ ਵਿਚ 158 ਬੱਸਾਂ ਦਾ ਬੇੜਾ ਸੀ ਜਿਹੜਾ ਹੁਣ ਘੱਟ ਕੇ 94 ਬੱਸਾਂ ਰਹਿ ਗਈਆਂ ਹਨ। ਸਰਕਾਰ ਲੋਕਾਂ ਦੀਆਂ ਸੁਵਿਧਾ ਲਈ ਰੋਡਵੇਜ਼ 'ਚ ਨਵੀਆਂ ਬੱਸਾਂ ਦਾ ਪ੍ਰਬੰਧ ਨਹੀਂ ਕਰ ਰਹੀ। ਸਰਕਾਰ ਨੂੰ ਚਾਹੀਦਾ ਹੈ ਕਿ ਬੱਸਾਂ ਲਈ ਵੱਖ-ਵੱਖ ਬਜਟ ਰਖੇ ਜਾਣ। ਕਰਮਚਾਰੀਆਂ ਦੀਆਂ ਆਊਟਸੋਰਸਿੰਗ ਬੰਦ ਕਰ ਪੱਕੀ ਭਰਤੀ ਕੀਤੀ ਜਾਣੀ ਚਾਹੀਦੀ ਹੈ।

ਬੇੜੇ ਵਿਚ 33 ਨਵੀਆਂ ਬੱਸਾਂ ਸ਼ਾਮਲ ਹੋਈਆਂ ਹੈ-ਜੀਅੱੈਮ

ਪੰਜਾਬ ਰੋਡਵੇਜ਼ ਦੇ ਨਵਾਂਸ਼ਹਿਰ ਡਿੱਪੂ ਦੇ ਜੀਅੱੈਮ ਹਰਿੰਦਰ ਸਿੰਘ ਉਪਲ ਨੇ ਕਿਹਾ ਕਿ ਰੋਡਵੇਜ਼ 'ਚ ਕੁਝ ਮਹੀਨੇ ਪਹਿਲੇ 33 ਬੱਸਾਂ ਸ਼ਾਮਲ ਕੀਤੀਆਂ ਗਈਆਂ ਹਨ। ਉਨ੍ਹਾਂ ਮੰਨਿਆ ਹੈ ਕਿ ਪੁਰਾਣੀਆਂ ਬੱਸਾਂ ਤੋਂ ਸਮਸਿਆ ਹੈ। ਉਨ੍ਹਾਂ ਕਿਹਾ ਪਹਿਲੇ ਨਵੀਆਂ ਬੱਸਾਂ ਦੀ ਡਿਮਾਂਡ ਭੇਜੀ ਗਈ ਸੀ। ਜਿਸ ਨੂੰ ਸਰਕਾਰ ਨੇ ਪੂਰਾ ਕਰ ਦਿੱਤਾ ਹੈ। ਫਿਲਹਾਲ ਅਜੇ ਕੋਈ ਨਵੀਂ ਡਿਮਾਂਡ ਨਹੀਂ ਭੇਜੀ ਗਈ।