ਪ੍ਰਸ਼ੋਤਮ ਬੈਂਸ,ਨਵਾਂਸ਼ਹਿਰ : ਸਥਾਨਕ ਰਵਿਦਾਸ ਨਗਰ ਵਿਖੇ ਗਲੀਆਂ ਅਤੇ ਨਾਲੀਆਂ ਦੀ ਸਫ਼ਾਈ ਦਾ ਮਾੜਾ ਹਾਲ ਦੇਖ ਕੇ ਭਾਰਤ ਸਵੱਛਤਾ ਅਭਿਆਨ ਦੀ ਫੂਕ ਨਿਕਲਦੀ ਦਿਖਾਈ ਦਿੰਦੀ ਹੈ। ਮੁਹੱਲਾ ਵਾਸੀ ਮਨੋਜ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਹੱਲੇ 'ਚ ਗਲੀਆਂ ਨਾਲੀਆਂ ਦੀ ਸਫ਼ਾਈ ਨਹੀਂ ਕਰਵਾਈ ਜਾ ਰਹੀ। ਸਫਾਈ ਨਾ ਹੋਣ ਕਾਰਨ ਨਾਲੀਆਂ 'ਚ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਜਿਸ ਨਾਲ ਗੰਦੇ ਪਾਣੀ 'ਚ ਕੀੜੇ ਚੱਲ ਰਹੇ ਹਨ ਅਤੇ ਮੱਛਰ ਪੈਦਾ ਹੋ ਗਏ ਹਨ। ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ। ਮਨੋਜ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਨਗਰ ਕੌਂਸਲ ਪ੍ਰਸ਼ਾਸਨ ਦੇ ਕਈ ਵਾਰ ਧਿਆਨ 'ਚ ਲਿਆਂਦਾ ਗਿਆ ਹੈ ਪਰ ਮਸਲਾ ਜਿਉਂ ਦਾ ਤਿਉਂ ਹੀ ਹੈ। ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮੁਹੱਲੇ ਦੀ ਸਫ਼ਾਈ ਲਈ ਪੱਕਾ ਸਫਾਈ ਕਰਮਚਾਰੀ ਲਗਾਇਆ ਜਾਵੇ, ਜੋ ਰੋਜ਼ਾਨਾ ਸਫਾਈ ਕਰੇ। ਇਸ ਤੋਂ ਇਲਾਵਾ ਮੱਛਰਾਂ ਤੋਂ ਬਚਾਅ ਲਈ ਸਮੇਂ ਸਮੇਂ 'ਤੇ ਫੌਗਿੰਗ ਕਰਵਾਈ ਜਾਵੇ ਤਾਂ ਜੋ ਗੰਦਗੀ ਕਾਰਨ ਪੈਦਾ ਹੋਏ ਮੱਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਸੱਤਿਆ ਦੇਵੀ, ਚਰਨੋ, ਕਸ਼ਮੀਰ ਕੌਰ, ਪਰਮਿੰਦਰ, ਬਖਸ਼ੋ, ਨਾਮ ਕੌਰ ਅਤੇ ਵਿਦਿਆ ਦੇਵੀ ਆਦਿ ਵੀ ਹਾਜ਼ਰ ਸਨ।