ਲਖਵਿੰਦਰ ਸੋਨੂੰ, ਨਵਾਂਸ਼ਹਿਰ : ਜ਼ਿਲ੍ਹਾ ਪ੍ਰਰੀਸ਼ਦ ਦਫ਼ਤਰ ਨਵਾਂਸ਼ਹਿਰ ਵਿਖੇ ਰੂਰਲ ਫਾਰਮਾਸਿਸਟ ਅਫ਼ਸਰ ਤੇ ਦਰਜਾ ਚਾਰ ਮੁਲਾਜ਼ਮਾਂ ਵੱਲੋਂ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ 22ਵੇਂ ਦਿਨ ਵੀ ਧਰਨਾ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰਵੀਸ਼ ਕੁਮਾਰ ਨੇ ਦੱਸਿਆ ਕਿ ਜਥੇਬੰਦੀ ਵੱਲੋਂ 11 ਜੁਲਾਈ ਦਿਨ ਸ਼ਨਿੱਚਰਵਾਰ ਨੂੰ ਪੰਚਾਇਤ ਮੰਤਰੀ ਦੀ ਰਿਹਾਇਸ਼ ਕਾਦੀਆਂ ਵਿਖੇ ਹੱਲਾ ਬੋਲ ਰੈਲੀ ਕੀਤੀ ਜਾਵੇਗੀ, ਜਿਸਦੀਆਂ ਤਿਆਰੀਆਂ ਪੂਰੀਆਂ ਮੁਕੰਮਲ ਹੋ ਚੁਕੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ 22 ਦਿਨਾਂ ਤੋਂ ਦਿੱਤੇ ਜਾ ਰਹੇ ਧਰਨੇ ਨੂੰ ਅਣਸੁਣਿਆ ਕਰਨ ਕਾਰਨ ਫਾਰਮਾਸਿਸਟਾਂ 'ਚ ਰੋਸ ਵੱਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਮੰਗਲਵਾਰ ਨੂੰ ਸੇਵਾਵਾਂ ਰੈਗੂਲਰ ਕਰਨ ਦੀ ਗੱਲ ਕਹੀ ਜਾ ਰਹੀ ਸੀ। ਪਰ ਫਾਰਮਾਸਿਸਟ ਬਿਨਾਂ ਲਿਖਤੀ ਨੋਟੀਫਿਕੇਸ਼ਨ ਲਏ ਆਪਣੇ ਸੰਘਰਸ਼ ਨੂੰ ਵਿਰਾਮ ਨਹੀਂ ਦੇਣਗੇ। ਉਨ੍ਹਾਂ ਕਿਹਾ ਸਮੂਹ ਫਾਰਮਾਸਿਸਟ ਰੈਗੂਲਰ ਹੋਣ ਲਈ ਆਪਣੀ ਵਿਦਿਅਕ ਯੋਗਤਾ ਪੂਰੀ ਕਰਦੇ ਹਨ। ਇਨ੍ਹਾਂ ਨੂੰ ਰੈਗੂਲਰ ਕਰਨ ਲਈ ਕੋਈ ਵਿੱਤੀ ਬੋਝ ਵੀ ਨਹੀਂ ਪੈਂਦਾ। ਪਰ ਫੇਰ ਵੀ ਸਰਕਾਰ ਕੋਰੋਨਾ ਨਾਲ ਮੂਹਰਲੀ ਕਤਾਰ ਤੇ ਜੰਗ ਲੜ ਰਹੇ ਉੱਚ ਸਿਖਿਅਤ ਅਤੇ ਤਜੁਰਬੇਕਾਰ ਰੂਰਲ ਫਾਰਮੇਸੀ ਅਫਸਰਾਂ ਨੂੰ ਹੜਤਾਲ ਲਈ ਮਜ਼ਬੂਰ ਕੀਤਾ ਹੋਇਆ ਹੈ। ਸਾਲ 2006 ਦੌਰਾਨ ਕੈਪਟਨ ਸਰਕਾਰ ਨੇ ਹੀ ਪੇਂਡੂ ਸਿਹਤ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਠੇਕੇ ਤੇ ਨਿਯੁਕਤ ਕੀਤਾ ਗਿਆ ਸੀ। ਪਰ 14 ਸਾਲ ਬੀਤ ਜਾਣ ਅੱਜ ਵੀ ਫਾਰਮਾਸਿਸਟਾਂ ਨੂੰ ਰੈਗੂਲਰ ਨਹੀਂ ਕੀਤਾ ਜਾਂ ਰਿਹਾ। ਉਨ੍ਹਾਂ ਸਿਹਤ ਸੇਵਾਵਾਂ ਲਈ ਪੰਚਾਇਤ ਮੰਤਰੀ ਅਤੇ ਸਿਹਤ ਮੰਤਰੀ ਨੂੰ ਸਿੱਧੇ ਤੌਰ ਜ਼ਿੰਮੇਵਾਰ ਦੱਸਦਿਆਂ ਸਰਕਾਰ ਨੂੰ ਇਸ ਪੈਨਡੇਮਿਕ ਮਹਾਂਮਾਰੀ ਹਾਲਤਾਂ ਨੂੰ ਦੇਖਦੇ ਹੋਏ ਤੁਰੰਤ ਪੱਕੇ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਆਪਣੇ ਸੁਰੱਖਿਅਤ ਭਵਿੱਖ ਨੂੰ ਦੇਖਦੇ ਹੋਏ ਫਾਰਮਾਸਿਸਟ ਪਹਿਲਾਂ ਦੀ ਤਰ੍ਹਾਂ ਤਨਦੇਹੀ ਨਾਲ ਇਸ ਮਹਾਂਮਾਰੀ ਨਾਲ ਲੜ ਸਕਣ। ਇਸ ਮੌਕੇ ਰਾਹੁਲ ਚੋਪੜਾ, ਜ਼ਿਲ੍ਹਾ ਸਕੱਤਰ ਸਰਬਜੀਤ, ਹਰਵਿਲਾਸ, ਚਰਨਜੀਤ, ਚਮਨ ਲਾਲ, ਹਰਜਿੰਦਰ, ਅਮਰੀਕ, ਮਨੀ, ਪ੍ਰਵੀਨ ਲਤਾ, ਰਮੇਸ਼ ਕੁਮਾਰੀ, ਰਾਜ ਕੁਮਾਰੀ, ਗੀਤਾ ਆਦਿ ਵੀ ਹਾਜ਼ਰ ਸਨ।