ਪ੍ਰਦੀਪ ਭਨੋਟ, ਨਵਾਂਸ਼ਹਿਰ

ਜਮਹੂਰੀ ਅਧਿਕਾਰ ਸਭਾ, ਡੈਮੋਕੇ੍ਟਿਕ ਲਾਇਰਜ ਐਸੋਸੀਏਸ਼ਨ ਵੱਲੋਂ ਜੇਲਾਂ੍ਹ ਵਿਚ ਡੱਕੇ ਬੁੱਧੀਜੀਵੀਆਂ ਦੀ ਰਿਹਾਈ ਲਈ ਨਵਾਂਸ਼ਹਿਰ ਵਿਖੇ ਰੈਲੀ ਅਤੇ ਮੁਜ਼ਾਹਰਾ ਕੀਤਾ ਗਿਆ। ਰੈਲੀ ਦੀ ਅਗਵਾਈ ਕਰਦਿਆਂ ਡੀਐਲਏ ਪੰਜਾਬ ਦੇ ਕਨਵੀਨਰ ਦਲਜੀਤ ਸਿੰਘ ਐਡਵੋਕੇਟ, ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਰੈੱਸ ਸਕੱਤਰ ਬੂਟਾ ਸਿੰਘ, ਸਭਾ ਦੇ ਸਕੱਤਰ ਜਸਬੀਰ ਦੀਪ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੇ 21 ਚੋਟੀ ਦੇ ਬੁਧੀਜੀਵੀਆਂ ਨੂੰ ਝੂਠੇ ਦੋਸ਼ਾਂ ਤਹਿਤ ਜੇਲਾਂ੍ਹ ਵਿਚ ਬੰਦ ਕੀਤਾ ਹੋਇਆ ਹੈ। ਸਰਕਾਰ ਉਨਾਂ੍ਹ ਦੀ ਕੋਈ ਦਲੀਲ ਜਾਂ ਅਪੀਲ ਨਹੀਂ ਸੁਣ ਰਹੀ। 6 ਜੂਨ 2018 ਦੇ ਦਿਨ ਮਹਾਰਾਸ਼ਟਰ ਪੁਲਿਸ ਵੱਲੋਂ ਬੁੱਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਕਥਿਤ ਭੀਮਾ-ਕੋਰੇਗਾਓਂ ਸਾਜ਼ਿਸ਼ ਕੇਸ ਵਿਚ ਗਿ੍ਫ਼ਤਾਰ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ। ਇਸ ਕੇਸ ਵਿਚ ਪੋ੍ਫੈਸਰ ਸੋਮਾ ਸੇਨ, ਐਡਵੋਕੇਟ ਸੁਰਿੰਦਰ ਗੈਡਿਲੰਗ, ਰੋਨਾ ਵਿਲਸਨ, ਸੁਧੀਰ ਢਾਵਲੇ, ਮਹੇਸ਼ ਰਾਵਤ, ਪੋ੍ਫੈਸਰ ਵਰਾਵਰਾ ਰਾਓ, ਪੋ੍ਫੈਸਰ ਵਰਨੋਨ ਗੋਂਜ਼ਾਲਵਿਜ਼, ਅਰੁਣ ਫ਼ਰੇਰਾ, ਗੌਤਮ ਨਵਲਖਾ, ਐਡਵੋਕੇਟ ਸੁਧਾ ਭਰਦਵਾਜ, ਸਟੇਨ ਸਵਾਮੀ, ਪੋ੍ਫੈਸਰ ਹਨੀ ਬਾਬੂ, ਰਮੇਸ਼ ਗੈਚਰ, ਸਾਗਰ ਗੋਰਖੇ, ਜਯੋਤੀ ਜਾਗਤਪ ਨੂੰ ਬੇਬੁਨਿਆਦ ਅਤੇ ਪੂਰੀ ਤਰਾਂ੍ਹ ਝੂਠੇ ਕੇਸ ਵਿਚ ਜੇਲਾਂ੍ਹ ਵਿਚ ਡੱਕਿਆ ਹੋਇਆ ਹੈ। ਪੋ੍ਫੈਸਰ ਜੀਐੇੱਨ ਸਾਈਬਾਬਾ, ਹੇਮ ਮਿਸ਼ਰਾ, ਪ੍ਰਸ਼ਾਂਤ ਰਾਹੀ ਆਦਿ ਬੁੱਧੀਜੀਵੀ ਪਹਿਲਾਂ ਹੀ ਇਸੇ ਤਰਾਂ੍ਹ ਦੇ ਝੂਠੇ ਕੇਸ ਵਿਚ ਕੈਦ ਹਨ। ਉਮਰ ਖਾਲਿਦ ਅਤੇ ਨਤਾਸ਼ਾ ਨਰਵਾਲ ਨੂੰ ਦਿੱਲੀ ਹਿੰਸਾ ਦੇ ਕਥਿਤ ਸਾਜ਼ਿਸ਼ਘਾੜੇ ਕਰਾਰ ਦੇ ਕੇ ਜੇਲ੍ਹ ਵਿਚ ਡੱਕਿਆ ਹੋਇਆ ਹੈ। ਇਨਾਂ੍ਹ ਸਾਰੇ ਸਮਾਜਿਕ ਨਿਆਂ ਅਤੇ ਲੋਕ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਘੁਲਾਟੀਏ ਹਨ ਅਤੇ ਇਨਾਂ੍ਹ ਝੂਠੇ ਕੇਸਾਂ ਦਾ ਇੱਕੋ ਇਕ ਮਕਸਦ ਇਨਾਂ੍ਹ ਬੁੱਧੀਜੀਵੀਆਂ ਅਤੇ ਹੋਰ ਇਨਸਾਫ਼ਪਸੰਦ ਜਮਹੂਰੀ ਤਾਕਤਾਂ ਨੂੰ ਡਰਾਕੇ ਚੁੱਪ ਕਰਾਉਣਾ ਹੈ। ਉਨਾਂ੍ਹ ਕਿਹਾ ਕਿ ਕੇਂਦਰ ਸਰਕਾਰ ਦੇ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਨੇ ਕੋਰੋਨਾ ਦੇ ਨਾਂਅ 'ਤੇ ਦੇਸੀ ਅਤੇ ਵਿਦੇਸ਼ੀ ਦਵਾ ਕੰਪਨੀਆਂ ਅਤੇ ਨਿੱਜੀ ਹਸਪਤਾਲਾਂ ਨੂੰ ਲੋਕਾਂ ਦੀ ਲੁੱਟ ਕਰਨ ਦੀ ਖੁੱਲ੍ਹੀ ਛੁੱਟੀ ਦੇ ਰੱਖੀ ਹੈ। ਪੰਜਾਬ ਸਰਕਾਰ ਦੇ ਵੈਕਸੀਨ ਅਤੇ ਮਿਸ਼ਨ ਫਤਹਿ ਪੰਜਾਬ ਦੇ ਉਜਾਗਰ ਹੋਏ ਸਕੈਂਡਲ ਇਸ ਗੱਲ ਨੂੰ ਸਹੀ ਠਹਿਰਾਉਂਦੇ ਹਨ। ਦਵਾਈਆਂ, ਵੈਕਸੀਨ, ਅੌਜਾਰਾਂ, ਨਿੱਤ ਵਰਤੋਂ ਦੇ ਸਮਾਨ ਦੀਆਂ ਵਧ ਰਹੀਆਂ ਕੀਮਤਾਂ ਸਾਬਤ ਕਰਦੀਆਂ ਹਨ ਕਿ ਸਰਕਾਰਾਂ ਅਤੇ ਅਫਸਰਸ਼ਾਹੀ ਕਾਰਪੋਰੇਟਰਾਂ ਲਈ ਕੰਮ ਕਰ ਰਹੀ ਹੈ। ਇਸ ਮੌਕੇ ਇਸਤਰੀ ਜਾਗਿ੍ਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਏਟਕ ਦੇ ਆਗੂ ਸੁਤੰਤਰ ਕੁਮਾਰ, ਸਤਪਾਲ ਸਲੋਹ ਨੇ ਵੀ ਵਿਚਾਰ ਪੇਸ਼ ਕੀਤੇ।