ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਕਿਸਾਨ ਯੂਨਾਈਟਿਡ ਫਰੰਟ ਪਾਰਟੀ ਦਾ ਸਮਰਥਨ ਕਰ ਰਹੇ ਗੁਰਨਾਮ ਸਿੰਘ ਚੜੂਨੀ ਦੇ ਮੋਹਾਲੀ ਸੈਕਟਰ-97 ਸਥਿਤ ਚੋਣ ਦਫ਼ਤਰ ’ਤੇ ਸਵੇਰੇ 11.30 ਵਜੇ ਹਥਿਆਰਬੰਦ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਦਫ਼ਤਰ ਦੇ ਸਾਰੇ ਸ਼ੀਸ਼ੇ ਤੇ ਦਰਵਾਜ਼ੇ ਤੋੜ ਦਿੱਤੇ ਗਏ। ਉਥੇ ਮੌਜੂਦ ਗੌਰਵ ਨਾਂ ਦਾ ਵਿਅਕਤੀ ਜ਼ਖ਼ਮੀ ਹੋ ਗਿਆ। ਗੌਰਵ ਨੇ ਦੋਸ਼ ਲਾਇਆ ਕਿ ਹਮਲਾਵਰਾਂ ਨੇ ਪਿਸਤੌਲ ਦੇ ਬਟ ਨਾਲ ਉਸ ਦੇ ਸਿਰ ’ਤੇ ਵਾਰ ਕੀਤਾ। ਉਸ ਨਾਲ ਲਾਂਗਰੀ ਦੀ ਵੀ ਕੁੱਟਮਾਰ ਕੀਤੀ ਗਈ। ਦੋਵਾਂ ਨੌਜਵਾਨਾਂ ਨੇ ਘਰੋਂ ਭੱਜ ਕੇ ਆਪਣੀ ਜਾਨ ਬਚਾਈ। ਬਾਅਦ ’ਚ ਉਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਗੁਰਨਾਮ ਸਿੰਘ ਚੜੂਨੀ ਤੇ ਉਨ੍ਹਾਂ ਦੇ ਲੜਕੇ ਅਰਸ਼ਪਾਲ ਸਿੰਘ ਚੜੂਨੀ ’ਤੇ ਹਮਲਾ ਕਰਨ ਆਏ ਸਨ ਪਰ ਉਹ ਰਾਤ ਨੂੰ ਇੱਥੇ ਨਹੀਂ ਪਹੁੰਚੇ। ਇਸ ਮਾਮਲੇ ’ਚ ਗੁਰਨਾਮ ਸਿੰਘ ਚੜੂਨੀ ਦੇ ਪੁੱਤਰ ਨੇ ਪੁਲਿਸ ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਹੈ। ਡੀਐੱਸਪੀ ਸੁਖਜੀਤ ਸਿੰਘ ਵਿਰਕ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਦੇ ਹੁਕਮ ਦਿੱਤੇ ਹਨ।

ਚੜੂਨੀ ਤੇ ਅਰਸ਼ਦੀਪ ਕਰਤਾਰਪੁਰ ਹੋਟਲ ’ਚ ਰੁਕੇ

ਗੁਰਨਾਮ ਸਿੰਘ ਚੜੂਨੀ ਦੇ ਪੁੱਤਰ ਅਰਸ਼ਦੀਪ ਨੇ ਦੱਸਿਆ ਕਿ ਉਸ ਦੇ ਪਿਤਾ ਕਿਸਾਨ ਯੂਨਾਈਟਿਡ ਫਰੰਟ ਪਾਰਟੀ ਦੇ ਪੰਜਾਬ ਦੌਰੇ ’ਤੇ ਹਨ। ਉਨ੍ਹਾਂ ਪੰਜਾਬ ਦੀਆਂ 10 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਉਹ ਵੀ ਆਪਣੇ ਪਿਤਾ ਨਾਲ ਸੀ। ਉਸ ਨੇ ਮੋਹਾਲੀ ਕੋਠੀ ਵਿਖੇ ਰਾਤ ਰੁਕਣਾ ਸੀ। ਪਰ ਦੇਰੀ ਹੋਣ ਕਾਰਨ ਉਹ ਕਰਤਾਰਪੁਰ ਦੇ ਹੋਟਲ ’ਚ ਰੁਕੇ। 12 ਵਜੇ ਗੌਰਵ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਕੁਝ ਨੌਜਵਾਨਾਂ ਨੇ ਦਫ਼ਤਰ ’ਤੇ ਹਮਲਾ ਕਰ ਕੇ ਭੰਨਤੋੜ ਕੀਤੀ ਹੈ। ਅਰਸ਼ਦੀਪ ਨੇ ਹਮਲੇ ਪਿੱਛੇ ਸਿਆਸੀ ਪਾਰਟੀ ਦਾ ਹੱਥ ਦੱਸਿਆ ਹੈ।

‘ਹਮਲਾ ਹੋਇਆ ਹੈ, ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਿਸਤੌਲ ਨਹੀਂ, ਪਿਸਤੌਲ ਵਰਗੀ ਚੀਜ਼ ਨਾਲ ਸਿਰ ’ਤੇ ਹਮਲਾ ਹੋਇਆ ਹੈ। ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।’

- ਸੁਖਜੀਤ ਵਿਰਕ, ਡੀਐੱਸਪੀ ਮੋਹਾਲੀ

Posted By: Sunil Thapa