ਅਸ਼ਵਨੀ ਵਰਮਾ, ਕਾਠਗੜ੍ਹ : ਕਸਬਾ ਕਾਠਗੜ੍ਹ ਦੇ ਲਾਗਲੇ ਪਿੰਡ ਫਤੇਹਪੁਰ ਵਿਖੇ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਬੀਬੀ ਚਰਨਜੀਤ ਕੌਰ ਸੀਨੀਅਰ ਮੀਤ ਪ੍ਰਧਾਨ ਨਵਾਂਸ਼ਹਿਰ (ਸੀਟੂ) ਦੀ ਅਗਵਾਈ ਹੇਠ ਹੋਈ। ਜਿਸ ਵਿਚ ਹੈਲਥ ਕੈਂਪਸ ਫੈਕਟਰੀ ਫਤੇਹਪੁਰ ਵਿਚ ਵਰਕਰ ਯੂਨੀਅਨ ਸੀਟੂ ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ ਵਾਰੇ ਵਿਚਕਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਕੰਢੀ ਸੰਘਰਸ਼ ਕਮੇਟੀ ਪੰਜਾਬ ਨੇ ਕਿਹਾ ਕਿ ਪ੍ਰਬੰਧਕਾਂ ਅਤੇ ਯੂਨੀਅਨ ਵਿਚਕਾਰ ਹੋਏ ਸਮਝੌਤੇ 'ਤੇ 70 ਫੀਸਦੀ ਅਮਲ ਹੋ ਚੁੱਕਾ ਹੈ। ਜਿਸ ਦੇ ਨਤੀਜੇ ਵਜੋਂ ਇਲਾਕੇ 'ਚ ਅਮਨ ਸਥਾਪਤ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੋਏ ਸਮਝੋਤੇ 'ਤੇ ਪੂਰਨ ਅਮਲ ਕਰਵਾਉਣ ਲਈ ਯਤਨ ਕਰ ਰਹੇ ਹਨ ਅਤੇ ਉਮੀਦ ਹੈ ਕਿ ਛੇਤੀ ਹੀ ਰਹਿੰਦੀਆਂ ਸ਼ਰਤਾਂ 'ਤੇ ਵੀ ਅਮਲ ਹੋ ਜਾਵੇਗਾ। ਮੀਟਿੰਗ ਵਿਚ ਇਸ ਗੱਲ 'ਤੇ ਚਿੰਤਾ ਪ੍ਰਗਟ ਕੀਤੀ ਗਈ ਕਿ ਕਿਰਤ ਵਿਭਾਗ ਦੇ ਅਧਿਕਾਰੀ ਆਪਣਾ ਬਣਦਾ ਰੋਲ ਅਦਾ ਨਹੀਂ ਕਰ ਰਹੇ। ਇਸੇ ਤਰ੍ਹਾਂ ਫੈਕਟਰੀ ਪ੍ਰਬੰਧਕਾਂ ਦਾ ਇਕ ਸ਼ਰਾਰਤੀ ਛੋਟਾ ਹਿੱਸਾ ਵੀ ਦੋਨਾਂ ਧਿਰਾਂ ਵਿਚ ਹੋਏ ਸਮਝੋਤੇ 'ਤੇ ਅਮਲ ਨੂੰ ਸਾਬੋਤਾਜ ਕਰਨ ਦਾ ਯਤਨ ਕਰ ਰਿਹਾ ਹੈ ਤਾਂ ਕਿ ਮਾਹੌਲ ਨੂੰ ਫੇਰ ਖਰਾਬ ਕੀਤਾ ਜਾ ਸਕੇ। ਇਸ ਮੌਕੇ ਦਲਜੀਤ ਕੌਰ, ਜਗਦੀਸ਼ ਰਾਮ ਭੂਰਾ, ਜਸਵਿੰਦਰ ਸਿੰਘ, ਕਰਨੈਲ ਸਿੰਘ ਭੱਲਾ, ਮੋਹਨ ਲਾਲ ਕੈਂਥ, ਸੁਖਜਿੰਦਰ ਸਿੰਘ ਰਾਏਪੁਰ, ਸਵਰਨ ਸਿੰਘ ਨੰਗਲ, ਬੀਬੀ ਸਸ਼ੀ ਰਾਣਾ, ਮੋਹਨ ਸਿੰਘ ਟੌਸਾਂ, ਚਰਨ ਸਿੰਘ ਭੇਡੀਆਂ, ਦੇਵ ਰਾਜ, ਪ੍ਰਤਾਪ ਸਿੰਘ ਤੋਂ ਇਲਾਵਾ ਪਿੰਡ ਵਾਸੀ ਵੀ ਹਾਜ਼ਰ ਸਨ।