ਪ੍ਰਸ਼ੋਤਮ ਬੈਂਸ, ਨਵਾਂਸ਼ਹਿਰ : ਬੀਤੇ ਦਿਨ ਸ਼ੁੱਕਰਵਾਰ ਬਲੈਰੋ ਗੱਡੀ ਅਤੇ ਆਟੋ ਰਿਕਸ਼ਾ ਦੀ ਟੱਕਰ ਨਾਲ ਇਕ 70 ਸਾਲਾ ਬਜ਼ੁਰਗ ਮਹਿੰਦਰ ਸਿੰਘ ਦੀ ਮੌਤ ਹੋਣ ਉਪਰੰਤ ਲਾਸ਼ ਨੂੰ ਪੁਲਿਸ ਨੇ ਵਾਰਸਾਂ ਦੇ ਹਵਾਲੇ ਨਹੀਂ ਕੀਤਾ ਸੀ। ਜਿਸ 'ਤੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਨਵਾਂਸ਼ਹਿਰ ਵਿਖੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਦੁਪਹਿਰ 1.30 ਵਜੇ ਚੰਡੀਗੜ੍ਹ ਰੋਡ ਨਵਾਂਸ਼ਹਿਰ 'ਤੇ ਸਥਿਤ ਡੀਸੀ ਦਫ਼ਤਰ ਦੇ ਗੇਟ ਅੱਗੇ ਇਕ ਬਲੈਰੋ ਗੱਡੀ ਜਿਹੜੀ ਕਿ ਸੁਵਿਧਾ ਕੇਂਦਰ ਸਾਈਡ ਤੋਂ ਮੇਨ ਸੜਕ ਵੱਲ ਆ ਰਹੀ ਸੀ। ਜਦੋਂ ਇਹ ਗੱਡੀ ਮੇਨ ਸੜਕ 'ਤੇ ਪੁੱਜੀ ਤਾਂ ਅੰਗਦ ਨਗਰ ਵੱਲੋਂ ਚੰਡੀਗੜ੍ਹ ਚੌਂਕ ਵੱਲ ਆ ਰਹੇ ਇਕ ਆਟੋ ਰਿਕਸ਼ਾ ਨਾਲ ਜਾ ਟਕਰਾਈ। ਜਿਸ ਨਾਲ ਆਟੋ ਰਿਕਸ਼ਾ ਵਿਚ ਬੈਠੇ ਮਹਿੰਦਰ ਸਿੰਘ (70) ਵਾਸੀ ਨਵਾਂਸ਼ਹਿਰ ਦੀ ਮੌਕੇ 'ਤੇ ਮੌਤ ਹੋ ਗਈ। ਇਸ ਘਟਨਾ ਸਬੰਧੀ ਸੂਚਨਾ ਮਿਲਣ 'ਤੇ ਪੁਲਿਸ ਨੇ ਲਾਸ਼ ਅਤੇ ਵਾਹਨਾਂ ਨੂੰ ਆਪਣੇ ਕਬਜ਼ੇ ਲੈ ਕੇ ਮਿ੍ਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ। ਜਿਸ 'ਤੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਮਿ੍ਤਕ ਦੀ ਲਾਸ਼ ਨੂੰ ਬਿਨਾ ਪੋਸਟਮਾਰਟਮ ਕਰਵਾਏ ਲੈਣ ਦੀ ਮੰਗ ਕੀਤੀ ਪਰ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਲਾਸ਼ ਸ਼ਨਿੱਚਰਵਾਰ ਨੂੰ ਸਵੇਰੇ ਦੇ ਦਿੱਤੀ ਜਾਵੇਗੀ। ਜਿਸ 'ਤੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਕਿ ਮਿ੍ਤਕ ਦਾ ਸਸਕਾਰ ਸ਼ਨਿਚਰਵਾਰ 12 ਵਜੇ ਕੀਤਾ ਜਾਵੇਗਾ। ਜਿਸ 'ਤੇ 12 ਵਜੇ ਸਾਰੇ ਰਿਸ਼ਤੇਦਾਰ ਇਕੱਤਰ ਹੋ ਗਏ ਪਰ ਪੁਲਿਸ ਵੱਲੋਂ ਲਾਸ਼ ਵਾਰਸਾਂ ਦੇ ਹਵਾਲੇ ਨਹੀਂ ਕੀਤੀ ਗਈ। ਜਿਸ ਕਾਰਨ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਨਵਾਂਸ਼ਹਿਰ ਦੇ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਮਨਾਏ ਜਾ ਰਹੇ ਕੌਮੀ ਵੋਟਰ ਦਿਵਸ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਕੇ ਚੱਕਾ ਜਾਮ ਕੀਤਾ। ਜਿਸ ਉਪਰੰਤ ਪੁਲਿਸ ਪ੍ਰਸ਼ਾਸਨ ਅਤੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਵਿਚ ਸਮਝੌਤਾ ਹੋਣ ਉਪਰੰਤ ਲਾਸ਼ ਦਾ ਬਿਨਾਂ ਪੋਸਟਮਾਰਟਮ ਕਰਵਾਏ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।