ਪ੍ਰਦੀਪ ਭਨੋਟ, ਨਵਾਂਸ਼ਹਿਰ : ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸਾਬਕਾ ਮੰਤਰੀ ਵਿਜੈ ਸਾਂਪਲਾ ਵੱਲੋਂ ਪੰਜਾਬ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ’ਚ ਹੋਏ ਘੁਟਾਲੇ ਦੇ ਵਿਰੋਧ ਵਿਚ ਦਲਿਤ ਇਨਸਾਫ ਯਾਤਰਾ ਦਾ ਭਰਵਾਂ ਸਵਾਗਤ ਕਰਨ ਲਈ ਨਵਾਂਸ਼ਹਿਰ ਦੇ ਅੰਬੇਡਕਰ ਚੌਂਕ ਵਿਖੇ ਇਕੱਠੇ ਹੋਏ ਭਾਜਪਾ ਆਗੂਆਂ ਤੇ ਵਰਕਰਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਅੰਬੇਡਕਰ ਚੌਂਕ ਵਿਖੇ ਧਰਨਾ ਦੇਣ ਕਾਰਨ ਮਾਹੌਲ ਤਨਾਅਪੂਰਣ ਹੋ ਗਿਆ। ਜਿਸ ਕਾਰਨ ਭਾਰੀ ਗਿਣਤੀ 'ਚ ਪੁਲਿਸ ਬਲ ਅੰਬੇਡਕਰ ਚੌਕ ਵਿਖੇ ਤਾਇਨਾਤ ਕਰ ਦਿੱਤਾ ਗਿਆ। ਅੱਜ ਬਾਅਦ ਦੁਪਹਿਰ 2 ਵਜੇ ਦੇ ਕਰੀਬ ਜਦੋਂ ਕੁਝ ਭਾਜਪਾ ਦੇ ਕੁੱਝ ਆਗੂਆਂ ਨੇ ਜਦੋਂ ਡਾ. ਬੀਆਰ ਅੰਬੇਡਕਰ ਜੀ ਦੀ ਪ੍ਰਤਿਮਾ ਦੇ ਫੁੱਲ ਭੇਂਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਤੇ ਮਜਦੂਰਾਂ ਨੇ ਉਨ੍ਹਾਂ ਨੂੰੰ ਅਜਿਹਾ ਕਰਨ ਤੋਂ ਰੋਕਦੇ ਹੋਏ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ।

ਜਿਸ ਕਾਰਨ ਮੌਕੇ ਤੋਂ ਤਾਇਨਾਤ ਪੁਲਿਸ ਪਾਰਟੀ ਵੱਲੋਂ ਦੋਵਾਂ ਧਿਰਾਂ ਨੂੰ ਵੱਖ-ਵੱਖ ਕਰਵਾਉਂਦੇ ਹੋਏ ਅਮਨ ਕਾਨੂੰਨ ਬਣਾਈ ਰੱਖਣ ਦੀ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ। ਇਸ ਧਰਨੇ 'ਚ ਸ਼ਾਮਲ ਬਲਵੀਰ ਸਿੰਘ ਜਾਡਲਾ, ਸੁਰਿੰਦਰ ਸਿੰਘ ਬੈਂਸ, ਹਰਮੇਸ਼ ਸਿੰਘ ਢੇਸੀ, ਕੁਲਵਿੰਦਰ ਚਾਹਲ, ਪੁਨੀਤ ਬਛੌੜੀ ਨੇ 'ਅੰਬੇਡਕਰ ਸਾਡਾ ਹੈ, ਮੋਦੀ ਸਰਕਾਰ ਮੁਰਦਾਬਾਦ', 'ਕਿਸਾਨ ਵਿਰੋਧੀ ਸਰਕਾਰ ਮੁਰਦਾਬਾਦ', 'ਕਿਸਾਨ/ਮਜ਼ਦੂਰ ਏਕਤਾ ਜਿੰਦਾਬਾਦ' ਦੇ ਨਾਅਰੇ ਨਾਲ ਨਵਾਂਸ਼ਹਿਰ ਗੁੰਜਦਾ ਰਿਹਾ। ਜਦਕਿ ਭਾਜਪਾ ਆਗੂਆਂ ਵੱਲੋਂ ਮੋਦੀ ਸਰਕਾਰ ਜਿੰਦਾਬਾਦ ਦੇ ਨਾਅਰੇ ਲਗਾਉਦੇ ਰਹੇ। ਪੁਲਿਸ ਵੱਲੋਂ ਜ਼ਖ਼ਮੀ ਭਾਜਪਾ ਆਗੂਆਂ ਨੂੰ ਐਂਬੁਲੈਂਸ ਰਾਹੀਂ ਹਸਪਤਾਲ ਭੇਜਣ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪੁਲਿਸ ਭਾਜਪਾ ਆਗੂਆਂ ਨੂੰ ਡਾ. ਅੰਬੇਡਕਰ ਚੌਂਕ ਤੋਂ ਵੱਖ ਲਿਜਾਉਣ ਦੀ ਕੋਸ਼ਿਸ਼ ਕਰਦੀ ਰਹੀ। ਜਦਕਿ ਕਿਸਾਨ, ਮਜ਼ਦੂਰ, ਆੜ੍ਹਤੀ ਐਸੋਸੀਏਸ਼ਨ ਦੇ ਆਗੂਆਂ ਮਨਜਿੰਦਰ ਸਿੰਘ ਵਾਲੀਆ, ਮੱਖਣ ਗਰੇਵਾਲ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।

Posted By: Amita Verma