ਜਗਤਾਰ ਮਹਿੰਦੀਪੁਰੀਆ/ਤਜਿੰਦਰ ਜੋਤ, ਬਲਾਚੌਰ : ਬਿਜਲੀ ਦੇ ਵਧੇ ਰੇਟਾਂ ਸਬੰਧੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਭਰ 'ਚ ਆਰੰਭ ਕੀਤੇ ਬਿਜਲੀ ਅੰਦੋਲਨ ਤਹਿਤ ਵਿਧਾਨ ਸਭਾ ਹਲਕਾ ਬਲਾਚੌਰ ਦੇ ਪਾਰਟੀ ਆਗੂ ਅਤੇ ਵਰਕਰ ਲੋਕਾਂ ਨੂੰ ਲਾਮਬੰਦ ਕਰਨ 'ਚ ਪੂਰੀ ਵਾਹ ਲਗਾ ਰਹੇ ਹਨ। ਆਮ ਆਦਮੀ ਪਾਰਟੀ ਦੇ ਇਸ ਅੰਦੋਲਨ ਨੂੰ ਪਿੰਡਾਂ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉਥੇ ਹੀ ਲੋਕ ਪਾਰਟੀ ਨਾਲ ਜੁੜਦੇ ਨਜ਼ਰ ਆ ਰਹੇ ਹਨ। ਇਸ ਮੌਕੇ ਸਤਨਾਮ ਚੇਚੀ ਜਲਾਲਪੁਰ ਤੇ ਬੀਬੀ ਸੰਤੋਸ਼ ਕਟਾਰੀਆ ਵੱਲੋਂ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਵੱਖ-ਵੱਖ ਪਿੰਡਾਂ 'ਚ ਸਰਗਰਮੀਆਂ ਵਿਖਾਈਆਂ ਜਾ ਰਹੀਆਂ ਹਨ। ਜਾਣਕਾਰੀ ਦਿੰਦੇ ਹੋਏ ਬੀਬੀ ਸੰਤੋਸ਼ ਕਟਾਰੀਆ ਵੱਲੋਂ ਪਿੰਡ ਗਰਲੇ ਢਾਹਾ, ਘਮੌਰ, ਚਣਕੋਈ ਵਿਖੇ ਮੀਟਿੰਗਾਂ ਕੀਤੀਆਂ ਤੇ ਪਿੰਡਾਂ ਦੇ ਲੋਕਾਂ ਵੱਲੋਂ ਵੱਧ ਆ ਰਹੇ ਬਿਜਲੀ ਬਿੱਲਾਂ ਨੂੰ ਸਾੜਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਬਿਜਲੀ ਰੇਟ ਪ੍ਰਤੀ ਯੂਨੀਟ ਦੂਸਰੇ ਸੂਬਿਆਂ ਨਾਲੋਂ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਕੰਪਨੀਆਂ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਜੋ ਸਮਝੌਤੇ ਕੀਤੇ ਹਨ ਉਨ੍ਹਾਂ ਨੇ ਪੰਜਾਬ ਦੇ ਖਜ਼ਾਨੇ ਦਾ ਧੂੰਆਂ ਕੱਢ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜੇ ਦਿੱਲੀ ਵਿੱਚ ਵੀ ਕੇਜਰੀਵਾਲ ਸਰਕਾਰ ਨੇ ਕੰਪਨੀਆਂ ਦੇ ਸਮਝੋਤੇ ਰੱਦ ਕਰਕੇ ਬਿਜਲੀ 72 ਫੀਸਦੀ ਘਰਾਂ ਨੂੰ ਮੁਫਤ ਕਰ ਦਿੱਤੀ ਹੈ ਤਾਂ ਪੰਜਾਬ ਸਰਕਾਰ ਕਿਉ ਨਹੀ ਕਰ ਸਕਦੀ। ਉਨ੍ਹਾਂ ਕਿਹਾ ਕਿ ਅਗਲੇ ਸਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਦਿੱਲੀ ਸਰਕਾਰ ਵਾਂਗ ਬਿਜਲੀ ਮੁਫਤ ਕੀਤੀ ਜਾਵੇਗੀ।