ਜਗਤਾਰ ਮਹਿੰਦੀਪੁਰੀਆ, ਬਲਾਚੌਰ : ਸਥਾਨਕ ਸ਼ਹਿਰ ਬਲਾਚੌਰ ਦੇ ਨਗਰ ਕੌਂਸਲ ਪ੍ਰਧਾਨ ਨਰਿੰਦਰ ਕੁਮਾਰ ਟਿੰਕੂ ਦੀ ਅਗਵਾਈ ਵਾਲੀ ਨਗਰ ਕੌਂਸਲ ਵੱਲੋਂ ਨਗਰ ਵਾਸੀਆਂ ਦੀ ਪਿਛਲੇ ਲੰਮੇ ਸਮੇਂ ਦੀ ਸੀਵਰੇਜ ਦੀ ਮੰਗ ਨੂੰ ਜਿੱਥੇ ਪੂਰਾ ਕਰਦਿਆਂ ਸ਼ਹਿਰ ਅੰਦਰ ਸੀਵਰੇਜ ਪਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਉੱਥੇ ਹੀ ਕਾਫੀ ਅਰਸੇ ਤੋਂ ਗੜ੍ਹਸ਼ੰਕਰ ਰੋਡ ਦਾ ਖ਼ਾਲਸਾ ਸਕੂਲ ਤੋਂ ਲੈ ਕੇ ਕਚਿਹਰੀ ਰੋਡ ਤਕ ਸੜਕ ਕਿਨਾਰੇ ਜਿੱਥੇ ਵੱਡੇ-ਵੱਡੇ ਗੰਦਗੀ ਦੇ ਢੇਰ ਸਨ, ਤੋਂ ਵੀ ਵੱਡੀ ਰਾਹਤ ਤੇ ਸਾਫ ਸੁਥਰੀ ਦਿੱਖ ਮਿਲੇਗੀ। ਕਿਉਂਕਿ ਉੱਥੇ ਹੁਣ ਇੰਟਰਲਾਕ ਲਾਏ ਜਾ ਰਹੇ ਹਨ। ਗੱਲਬਾਤ ਕਰਦੇ ਹੋਏ ਦੁਕਾਨਦਾਰ ਜਸਵੰਤ ਸਿੰਘ ਤੂਰ ਨਕਸ਼ਾ ਨਵੀਸ਼ ਨੇ ਦੱਸਿਆ ਕਿ ਇੱਥੇ ਥੋੜੀ ਜਿਹੀ ਬਾਰਸ਼ ਹੋਣ ਕਾਰਨ ਇਸ ਥਾਂ ਤੋਂ ਲੰਘਦਾ ਗੰਦੇ ਪਾਣੀ ਦਾ ਨਾਲਾ ਓਵਰ ਫਲੋਅ ਹੋਕੇ ਸੜਕ ਚਿੱਕੜ ਨਾਲ ਭਰ ਜਾਂਦੀ ਸੀ। ਪਰ ਹੁਣ ਇਸ ਨਾਲੇ ਨੂੰ ਵੀ ਵੱਡਾ ਰੱਖਕੇ ਬਣਾਇਆ ਜਾ ਰਿਹਾ ਹੈ। ਜਿਸ ਨਾਲ ਹੁਣ ਸੜਕੀ ਆਵਜਾਈ ਨੂੰ ਵੀ ਗੰਦੇ ਪਾਣੀ ਦੀਆਂ ਮੁਸ਼ਕਲਾਂ ਨਹੀਂ ਆਉਣਗੀਆਂ। ਸਥਾਨਕ ਦੁਕਾਨਦਾਰਾਂ ਟਿੱਕਾ ਰਾਮ ਅਤੇ ਹਰਵਿੰਦਰ ਸਿੰਘ ਬਿੰਦਰ ਵੱਲੋਂ ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਵੱਲੋਂ ਕਰਾਏ ਜਾ ਰਹੇ ਵਿਕਾਸ ਸਬੰਧੀ ਕੰਮਾਂ ਦੀ ਸ਼ਲਾਘਾ ਪ੍ਰਗਟ ਕਰਦਿਆਂ ਸੰਤੁਸ਼ਟੀ ਜਾਹਿਰ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਥਾਂ 'ਤੇ ਗੰਦਗੀ ਦੇ ਲੱਗੇ ਢੇਰਾਂ ਤੋਂ ਆਉਂਦੀ ਗੰਦੀ ਬਦਬੂ ਕਾਰਨ ਦੁਕਾਨਦਾਰਾਂ ਦਾ ਜਿਊਣਾ ਦੁੱਭਰ ਹੋਇਆ ਸੀ। ਉਨ੍ਹਾਂ ਨਗਰ ਕੌਂਸਲ ਨੂੰ ਅਪੀਲ ਕਰਦਿਆਂ ਆਖਿਆ ਕਿ ਇਸ ਥਾਂ ਗੰਦਗੀ ਦੇ ਢੇਰ ਨਾ ਲਗਾਏ ਜਾਣ ਤਾਂ ਜੋ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਨ ਮਿਲ ਸਕੇ।