ਪ੍ਰਦੀਪ ਭਨੋਟ, ਨਵਾਂਸ਼ਹਿਰ

ਕੋਰੋਨਾ ਕਾਲ ਵਿਚ ਸਰਕਾਰ ਦੀ ਮਦਦ ਕਰਨ ਦਾ ਖਾਮਿਆਜਾ ਭੁਗਤ ਰਹੇ ਜਨਤਾ ਟੈਂਪੂ ਯੂਨੀਅਨ ਨਵਾਂਸ਼ਹਿਰ ਦੇ ਟੈਂਪੂ ਮਾਲਕਾਂ ਦਲਜੀਤ ਸਿੰਘ ਭੱਟੀ, ਅਸ਼ਵਨੀ ਕੁਮਾਰ, ਗੁਰਮੁੱਖ ਸਿੰਘ ਬੇਗਮਪੁਰ, ਮਨਦੀਪ ਸਿੰਘ ਸਾਹਲੋਂ ਨੇ ਦੱਸਿਆ ਕਿ ਪਿਛਲੇ ਸਾਲ ਕੋਰੋਨਾ ਕਾਲ ਦੌਰਾਨ ਪੰਜਾਬ ਵਿਚ ਰਾਸ਼ਨ ਸਪਲਾਈ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵਾਂਸ਼ਹਿਰ ਜਨਤਾ ਟੈਂਪੂ ਯੂਨੀਅਨ ਦੀ ਮਦਦ ਲਈ ਗਈ ਸੀ। ਟੈਂਪੂ ਮਾਲਕਾਂ ਨੂੰ ਕਿਹਾ ਗਿਆ ਸੀ ਕਿ ਡੀਸੀ ਸਾਹਿਬ ਵੱਲੋਂ ਕਿਹਾ ਗਿਆ ਸੀ ਕਿ ਕੋਵਿਡ ਦੇ ਸੰਕਟ ਕਾਲ ਦੌਰਾਨ ਪੰਜਾਬ ਵਿਚ ਰਾਸ਼ਨ ਦੀ ਸਪਲਾਈ ਕਰਨੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਜੀਤ ਸਿੰਘ ਓਮ ਪ੍ਰਕਾਸ਼ ਦੇ ਗੋਦਾਮ ਤੋਂ ਸਾਰੇ ਪੰਜਾਬ ਵਿਚ ਰਾਸ਼ਨ ਦੀ ਸਪਲਾਈ ਕੀਤੀ ਸੀ। ਪਹਿਲੇ ਹਫਤੇ ਵਿਚ ਜਦੋਂ ਉਹ ਗੱਡੀਆਂ ਰਾਹੀਂ ਰਾਸ਼ਨ ਦੀ ਸਪਲਾਈ ਕਰਕੇ ਅਫ਼ਸਰਾਂ ਕੋਲ ਪੈਸੇ ਲੈਣ ਪੁੱਜੇ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੰਮ ਵਿਚ ਸਾਥ ਦੇਣ ਦੀ ਗੱਲ ਆਖਦੇ ਹੋਏ ਜੇਕਰ ਕੰਮ ਨਾ ਕੀਤਾ ਤਾਂ ਗੱਡੀਆਂ ਦੇ ਪਰਮਿਟ ਕੈਂਸਲ ਕਰਨ ਦੀ ਕਥਿਤ ਧਮਕੀ ਦੇ ਦਿੱਤੀ। ਜਿਸ ਕਾਰਨ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਕੰਮ ਕਰਨਾ ਪਿਆ। ਪਹਿਲਾ ਕੱਝ ਸਮੇਂ ਪੈਸੇ ਮਿਲੇ ਪਰ ਬਾਅਦ ਵਿਚ ਪੈਸੇ ਦੀ ਅਦਾਇਗੀ ਬੰਦ ਹੋ ਗਈ। ਹੁਣ ਇਕ ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਟੈਂਪੂ ਮਾਲਕਾਂ ਨੂੰ ਪੈਸੇ ਨਹੀਂ ਮਿਲੇ। ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਸੰਕਟ ਕਾਲ ਦੌਰਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਜਦੋਂ ਲੋਕ ਆਪਣੇ ਘਰਾਂ ਵਿਚ ਬੈਠੇ ਸਨ ਤਾਂ ਉਨ੍ਹਾਂ ਨੇ ਰਾਸ਼ਨ ਵੰਡਣ ਦੀ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ। ਉਨ੍ਹਾਂ ਦੱਸਿਆ ਕਿ ਇਸ ਕੰਮ ਦੇ ਕਰੀਬ 9.40 ਲੱਖ ਰੁਪਏ ਦੇ ਬਿੱਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪ ਦਿੱਤੇ ਹਨ ਪਰ ਡੀਐੱਫਐੱਸਓ ਦੇ ਲਾਰਿਆਂ ਤੋਂ ਬਾਅਦ ਉਹ ਇੰਨ੍ਹਾਂ ਬਿੱਲਾਂ ਦੀ ਕਾਪੀ ਲੈ ਕੇ ਏਡੀਸੀ ਸਾਹਿਬ ਕੋਲ ਗਏ ਪਰ ਉਨ੍ਹਾਂ ਵੀ ਜਲਦੀ ਹੀ ਪੈਮੈਂਟ ਹੋਣ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਡੀਐੱਫਐੱਸਸੀ ਕੋਲ 1000 ਬਾਰੀ, 500 ਬਾਰ ਇੰਸਪੈਕਟਰਾਂ ਕੋਲ ਜਾ ਕੇ ਪੁੱਛ ਚੁੱਕੇ ਹਨ ਪਰ ਹੁਣ ਕੋਈ ਲੜ ਸਿਰਾ ਨਹੀਂ ਫੜਾ ਰਿਹਾ ਹੈ। ਏਡੀਸੀ ਸਾਹਿਬ ਕੋਲ ਸਾਰੇ ਬਿੱਲਾਂ ਦੀਆਂ ਕਾਪੀਆਂ ਨੱਥੀ ਕਰਦੇ ਦੇ ਕੇ ਆਏ। ਅਗਲੇ ਸੋਮਵਾਰ ਤੱਕ ਹੋ ਜਾਉਗਾ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਫ਼ਸਰ ਇਹ ਗੱਲ ਆਖ ਰਹੇ ਹਨ ਕਿ ਸਰਕਾਰ ਤੰਗੀ ਵਿਚ ਹੈ। ਉਨ੍ਹਾਂ ਕਿਹਾ ਕਿ ਟੈਂਪੂ ਮਾਲਕਾਂ ਦੀਆਂ ਗੱਡੀਆਂ ਦੇ ਟੈਕਸ, ਪਰਮਿਟ ਲੈਣੇ ਬਾਕੀ ਹਨ। ਕੁੱਝ ਮਾਲਕ ਤਾਂ ਗੱਡੀਆਂ ਵੇਚ ਕੇ ਹੁਣ ਰੇਹੜੀਆਂ ਲਗਾਉਣ ਲਈ ਮਜ਼ਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੈਮੈਂਟ ਦੀ ਮੰਗ ਲਈ ਉਹ ਵਿਧਾਇਕ ਅੰਗਦ ਸਿੰਘ ਕੋਲ ਵੀ ਗਏ ਪਰ ਉਨ੍ਹਾਂ ਨੇ ਲਾਰਿਆਂ ਤੋਂ ਸਿਵਾਏ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ 44 ਟੈਂਪੂ ਮਾਲਕ ਦੀ ਬਕਾਇਆ ਰਕਮ ਮਿਲਣ ਵਿਚ ਹੋ ਰਹੀ ਦੇਰੀ ਕਾਰਨ ਉਨ੍ਹਾਂ ਦੇ ਪਰਿਵਾਰ ਦਾ ਗੁਜਾਰਾ ਚਲਾਉਣਾ ਵੀ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਗੱਡੀਆਂ ਨੂੰ ਅੱਗ ਲਗਾ ਦੇਣਗੇ ਪਰ ਸਰਕਾਰੀ ਕੰਮਾ ਲਈ ਆਪਣੀਆਂ ਗੱਡੀਆਂ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਿਰ ਪੈਟ੍ਰੋਲ ਪੰਪਾਂ ਦੇ ਬਕਾਏ, ਗੱਡੀਆਂ ਦੇ ਟੈਕਸ, ਪਰਮਿਟ ਸਮੇਤ ਹੋਰ ਵੀ ਖਰਚੇ ਖੜੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਵਿਚ ਪ੍ਰਸ਼ਾਸਨ ਦੀ ਬਾਂਹ ਨਾਲ ਬਾਂਹ ਲਾ ਕੇ ਕੰਮ ਕਰਨ ਵਾਲੇ ਟੈਂਪੂ ਮਾਲਕ ਹੁਣ ਆਪਣੇ ਪੈਸੇ ਲੈਣ ਲਈ ਧੱਕੇ ਖਾਣ ਲਈ ਮਜ਼ਬੂਰ ਹੋ ਗਏ ਹਨ। ਜਿਸ ਕਾਰਨ ਉਨ੍ਹਾਂ ਵਿਚ ਰੋਸ ਵੱਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਚੰਡੀਗੜ੍ਹ ਚੌਂਕ ਵਿਖੇ ਅਣਮਿੱਥੇ ਸਮੇਂ ਦਾ ਧਰਨਾ ਲਗਾਉਣ ਦਾ ਮਨ ਬਣਾ ਚੁੱਕੇ ਹਨ। ਇਸ ਮੌਕੇ ਰਸ਼ਪਾਲ ਸਿੰਘ, ਸੁਰਿੰਦਰ ਪਾਲ, ਅਬੱਲ ਸਿੰਘ, ਮਦਨ ਲਾਲ, ਹਰਵਿੰਦਰਸਿੰਘ, ਜਗਤਾਰ ਰਾਮ, ਹਰਪ੍ਰਰੀਤ ਸਿੰਘ, ਕਸ਼ਮੀਰ ਲਾਲ, ਗੁਰਮੇਲ ਸਿੰਘ, ਬਿਸ਼ਨ ਲਾਲ, ਬਿੱਕਰ ਸਿੰਘ, ਪਵਨ ਕੁਮਾਰ, ਵਿਸ਼ਾਲ ਕੁਮਾਰ ਆਦਿ ਹਾਜ਼ਰ ਸਨ।