ਜਗਤਾਰ ਮਹਿੰਦੀਪੁਰੀਆ ਬਲਾਚੌਰ : ਥਾਣਾ ਸਦਰ ਬਲਾਚੌਰ ਦੇ ਨਵ ਨਿਯੁਕਤ ਮੁੱਖ ਥਾਣਾ ਅਫ਼ਸਰ ਸਵਿੰਦਰ ਪਾਲ ਸਿੰਘ ਦੀਆਂ ਹਦਾਇਤਾਂ 'ਤੇ ਇਲਾਕੇ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਠੱਲ੍ਹ ਪਾਉਣ ਲਈ ਏਐੱਸਆਈ ਜਰਨੈਲ ਸਿੰਘ ਜਦੋਂ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਭਾਲ 'ਚ ਬਾਹੱਦ ਰਕਬਾ ਡਰੇਨ ਪੁਲ਼ੀ ਪਿੰਡ ਚਣਕੋਆ ਪੁੱਜੇ। ਇਸੇ ਦੌਰਾਨ ਉਨ੍ਹਾਂ ਨੂੰ ਸ਼ੱਕੀ ਹਾਲਤ 'ਚ ਇਕ ਨੌਜਵਾਨ ਹੱਥ 'ਚ ਹਰੇ ਰੰਗ ਦਾ ਪਲਾਸਟਿਕ ਦਾ ਥੈਲਾ ਚੁੱਕੀ ਆਉਂਦਾ ਵੇਖਿਆ ਤਾਂ ਸ਼ੱਕ ਦੇ ਆਧਾਰ 'ਤੇ ਪੁਲਿਸ ਪਾਰਟੀ ਵੱਲੋਂ ਉਸ ਨੂੰ ਰੋਕ ਕੇ ਥਾਣੇ ਤੋਂ ਸਮਰਥ ਅਧਿਕਾਰੀ ਭੇਜਣ ਲਈ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਡੀਐੱਸਪੀ ਬਲਾਚੌਰ ਜਤਿੰਦਰਜੀਤ ਸਿੰਘ ਮੌਕੇ 'ਤੇ ਪੁੱਜ ਗਏ। ਜਿਨ੍ਹਾਂ ਦੀ ਹਾਜ਼ਰੀ 'ਚ ਕਾਬੂ ਕੀਤੇ ਵਿਅਕਤੀ ਦਾ ਨਾਂ ਪਤਾ ਪੁੱਛਣ 'ਤੇ ਉਸ ਨੇ ਆਪਣਾ ਨਾਂ ਬਲਬੀਰ ਰਾਮ ਪੁੱਤਰ ਪ੍ਰਕਾਸ਼ ਰਾਮ ਪਿੰਡ ਡਘਾਮ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ। ਜਿਸ ਦੀ ਤਲਾਸ਼ੀ ਲੈਣ ਉਪਰੰਤ ਉਸ ਕੋਲੋਂ 115 ਨਸ਼ੀਲੇ ਟੀਕੇ ਮਾਰਕਾ ਬੁਪਰੋਨੋਰਫਿਨ ਅਤੇ 115 ਨਸ਼ੀਲੇ ਟੀਕੇ ਮਾਰਕਾ ਏਵਲ (ਕੁੱਲ 230) ਬਰਾਮਦ ਹੋਏ। ਕਥਿਤ ਮੁਲਜ਼ਮ ਖਿਲਾਫ਼ ਥਾਣਾ ਸਦਰ ਬਲਾਚੌਰ 'ਚ ਮੁਕੱਦਮਾ ਕਰਕੇ ਸ਼ਨਿਚਰਵਾਰ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੇ ਮਾਣਯੋਗ ਅਦਾਲਤ ਨੇ 14 ਦਿਨ ਜੁਡੀਸ਼ੀਅਲ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਗਿਆ।