ਪ੍ਰਦੀਪ ਭਨੋਟ, ਨਵਾਂਸ਼ਹਿਰ : ਕੋਰੋਨਾ ਵਾਇਰਸ ਦੇ ਸੰਭਾਵੀ ਖ਼ਤਰੇ ਨੂੰ ਲੈ ਕੇ ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪੱਲੀਉੱਚੀ ਨੂੰ ਵਾਇਰਸ ਦੇ ਸੰਭਾਵੀ ਖ਼ਤਰੇ ਨੂੰ ਵੇਖਦੇ ਹੋਏ ਸੀਲ ਕੀਤਾ ਗਿਆ। ਇਸ ਤੋਂ ਬਾਅਦ ਜ਼ਿਲ੍ਹੇ ਦੇ 9 ਹੋਰ ਪਿੰਡ ਸੀਲ ਕਰ ਦਿੱਤੇ ਗਏ ਹਨ। ਇਨ੍ਹਾਂ ਪਿੰਡਾਂ 'ਚ ਪਠਲਾਵਾ, ਲਧਾਣਾ ਝਿੱਕਾ, ਮਾਹਲ ਗਹਿਲਾ, ਲਧਾਣਾ ਉੱਚਾ, ਪੱਦੀ ਮੱਟਵਾਲੀ, ਹੀਉਂ, ਗੋਬਿੰਦਪੁਰ, ਗੁੱਜਰਪੁਰ, ਭੌਰਾ, ਸੁੱਜੋਂ ਅਤੇ ਉੱਚੀ ਪੱਲੀ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ 'ਚ ਤਾਇਨਾਤ ਮਨੋਹਰ ਲਾਲ ਐਡੀਸ਼ਨਲ ਐੱਸਐੱਚਓ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮਿਲੇ ਹੁਕਮਾਂ ਅਨੁਸਾਰ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੇ ਸ਼ੱਕ ਦੇ ਆਧਾਰ 'ਤੇ ਪਿੰਡ ਪੱਲੀ ਉੱਚੀ ਨੂੰ ਚਾਰੇ ਪਾਸਿਓਂ ਸੀਲ ਕਰ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਪਿੰਡ 'ਚ ਨਾ ਹੀ ਕੋਈ ਵਿਅਕਤੀ ਅੰਦਰ ਆ ਸਕਦਾ ਹੈ ਅਤੇ ਨਾ ਹੀ ਪਿੰਡ ਦਾ ਕੋਈ ਵਿਅਕਤੀ ਬਾਹਰ ਜਾ ਸਕਦਾ ਹੈ। ਇਸ ਮੌਕੇ ਪ੍ਰੇਮ ਸਿੰਘ ਏਐੱਸਆਈ, ਰਮੇਸ਼ ਲਾਲ ਜੇਈ (ਪੀਡਬਲਿਊਡੀ) ਸਮੇਤ ਸਿਹਤ ਵਿਭਾਗ ਦੇ ਕਰਮਚਾਰੀ ਵੀ ਹਾਜ਼ਰ ਸਨ।