ਜਗਤਾਰ ਮਹਿੰਦੀਪੁਰੀਆ, ਬਲਾਚੌਰ : ਬਲਾਚੌਰ ਸ਼ਹਿਰ ਅੰਦਰ ਲੱਗੇ ਵੱਖ-ਵੱਖ ਥਾਵਾਂ 'ਤੇ ਗੰਦਗੀ ਦੇ ਢੇਰਾਂ, ਕਚਰਿਆਂ 'ਚ ਕਰੀਬ 20 ਤੋਂ 25 ਮਾਸੂਮ ਬੱਚੇ ਸਵੇਰ ਤੋਂ ਸ਼ਾਮ ਤਕ ਆਪਣੇ ਭਵਿੱਖ ਦੀ ਤਲਾਸ਼ ਕਰਦੇ ਵੇਖੇ ਜਾ ਰਹੇ ਹਨ। ਇੱਥੇ ਹੀ ਬੱਸ ਨਹੀਂ ਇਹ ਮਾਸੂਮ ਗੰਦਗੀ ਦੇ ਢੇਰਾਂ ਵਿਚ ਸੁੱਟੇ ਜੂਠੇ ਅੰਨ ਰਾਹੀਂ ਵੀ ਆਪਣੀ ਭੁੱਖ ਮਿਟਾਉਂਦੇ ਹਨ। ਇਸ ਤੋਂ ਇਲਾਵਾ ਬੂਟ ਪਾਲਸ਼, ਰੱਦੀ ਇਕੱਠੀ ਕਰਨ ਤੇ ਭੀਖ ਮੰਗਣ 'ਚ ਲੱਗੇ ਇਨ੍ਹਾਂ ਮਾਸੂਮ ਬੱਚਿਆਂ ਦਾ ਧੁੰਦਲਾ ਭਵਿੱਖ ਸ਼ਾਇਦ ਇਨ੍ਹਾਂ ਕੋਲੋਂ ਕਾਰਾਂ 'ਚ ਲੰਘਣ ਵਾਲੇ ਉਨ੍ਹਾਂ ਅਧਿਕਾਰੀਆਂ ਨੂੰ ਦਿਖਾਈ ਨਹੀਂ ਦਿੰਦਾ। ਜਿਨ੍ਹਾਂ ਨੂੰ ਸਰਕਾਰ ਵੱਲੋਂ ਇਨ੍ਹਾਂ ਮਾਸੂਮਾਂ ਦਾ ਭਵਿੱਖ ਸੁਧਾਰਨ ਲਈ ਹਜ਼ਾਰਾਂ ਰੁਪਏ ਦੀਆਂ ਤਨਖ਼ਾਹਾਂ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਅਧਿਕਾਰੀਆਂ ਨੂੰ ਇਹ ਗੱਲ ਯਾਦ ਕਰਵਾਉਣ ਦੀ ਲੋੜ ਹੈ ਕਿ ਉਨ੍ਹਾਂ ਦੀਆਂ ਡਿਊਟੀਆਂ 'ਚ ਇਕ ਅਹਿਮ ਡਿਊਟੀ ਇਹ ਵੀ ਹੁੰਦੀ ਹੈ, ਕਿ ਸਮਾਜ ਭਲਾਈ ਸਕੀਮਾਂ ਦੇ ਦਾਇਰੇ 'ਚ ਇਲਾਕੇ ਅੰਦਰ ਕੁੂੜੇ ਦੇ ਢੇਰਾਂ ਵਿੱਚੋਂ ਕਚਰਾ ਇਕੱਠਾ ਕਰਨ ਵਾਲੇ ਤੇ ਬਾਲ ਮਜ਼ਦੂਰੀ ਕਰਨ ਵਾਲੇ ਬੱਚਿਆਂ ਦੇ ਮਾਪਿਆਂ ਨਾਲ ਸੰਪਰਕ ਕਰ ਕੇ ਇਨ੍ਹਾਂ ਦਾ ਸਕੂਲਾ 'ਚ ਦਾਖਲਾ ਕਰਵਾਉਣ। ਇਨ੍ਹਾਂ ਦੇ ਕਪੜੇ ਤੇ ਭੋਜਨ ਦਾ ਪ੍ਰਬੰਧ ਕਰਨ। ਅਧਿਕਾਰੀਆਂ ਦੀ ਬੇਰੁਖੀ ਦੇ ਸ਼ਿਕਾਰ ਇਨ੍ਹਾਂ ਬੱਚਿਆਂ ਉੱਪਰ ਜੇਕਰ ਇਨ੍ਹਾਂ ਅਧਿਕਾਰੀਆਂ ਦੀ ਸਵੱਲੀ ਨਜ਼ਰ ਦਾ ਪਰਛਾਵਾਂ ਪੈ ਜਾਵੇ ਤਾਂ ਇਹ ਮਾਸੂਮ ਬੱਚੇ ਨਰਕ ਭਰੀ ਜਿੰਦਗੀ 'ਚੋਂ ਨਿਕਲ ਸਕਦੇ ਹਨ। ਉੱਥੇ ਹੀ ਇਨ੍ਹਾਂ ਬੱਚਿਆਂ ਦੇ ਪੜ੍ਹ ਲਿਖ ਜਾਣ ਨਾਲ ਇਨ੍ਹਾਂ ਦੇ ਮਾਪਿਆਂ ਦੀ ਜ਼ਿੰਦਗੀ ਵੀ ਬਿਹਤਰ ਹੋ ਸਕਦੀ ਹੈ। ਇਹ ਮਾਸੂਮ ਚਿਹਰੇ ਭੋਜਨ ਦੀ ਤਲਾਸ਼ 'ਚ ਹੀ ਜਿੱਥੇ ਆਪਣਾ ਬਚਪਨ ਹੰਢਾਉਂਦੇ ਹਨ, ਉੱਥੇ ਹੀ ਅਨਪੜ੍ਹ ਰਹਿ ਜਾਣ ਕਾਰਨ ਹਮੇਸ਼ਾ ਹਮੇਸ਼ਾ ਲਈ ਗ਼ਰੀਬੀ ਦੇ ਸਰਾਪ 'ਚ ਜਕੜੇ ਜਾਂਦੇ ਹਨ। ਸਿਵਾਏ ਵਿਭਾਗ ਤੋਂ ਇਨ੍ਹਾਂ ਨੂੰ ਗਰੀਬੀ ਦੇ ਸਰਾਪ 'ਚ ਧੱਕਣ ਵਾਲਾ ਹੋਰ ਕੋਈ ਕਸੂਰਵਾਰ ਨਹੀ ਹੈ। ਵਿਭਾਗੀ ਅਧਿਕਾਰੀਆਂ ਵੱਲੋਂ ਕਦੇ ਕਦਾਈ ਖਾਨਾ ਪੂਰਤੀ ਤੇ ਅਖ਼ਬਾਰਾਂ ਦੀਆਂ ਸੁਰਖ਼ੀਆਂ 'ਚ ਆਉਣ ਲਈ ਛਾਪੇਮਾਰੀ ਤਾਂ ਕੀਤੀ ਜਾਂਦੀ ਹੈ। ਇਸ ਉਪਰੰਤ ਫਿਰ ਪਰਨਾਲਾ ਉੱਥੇ ਦਾ ਉੱਥੇ ਰਹਿ ਜਾਂਦਾ ਹੈ। ਵਿਭਾਗ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਮਾਸੂਮ ਬੱਚਿਆਂ ਦੀ ਪੜਾਈ ਤੇ ਉਨ੍ਹਾਂ ਦੇ ਭੋਜਨ ਵੱਲ ਵਿਸ਼ੇਸ ਧਿਆਨ ਨਹੀਂ ਦਿੱਤਾ ਜਾਂਦਾ ਹੈ।