ਨਰਿੰਦਰ ਮਾਹੀ, ਬੰਗਾ : ਭਗਵਾਨ ਮਹਾਂਵੀਰ ਪਬਲਿਕ ਸਕੂਲ ਬੰਗਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ 'ਚ ਸਕੂਲ ਦੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਤਾ-ਪਿਤਾ ਸ਼ਾਮਲ ਹੋਏ। ਇਸ ਕੀਰਤਨ ਦਰਬਾਰ ਵਿਚ ਕਲਾਸ ਚੌਥੀ ਤੋਂ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਵਿਭਿੰਨ ਸ਼ਬਦਾਂ ਦਾ ਗਾਇਨ ਕੀਤਾ। ਕਲਾਸ ਚੌਥੀ ਦੇ ਵਿਦਿਆਰਥੀਆਂ ਦੁਆਰਾ ਸ਼ਬਦ 'ਧੰਨ ਬਾਬਾ ਨਾਨਕ ਤੂੰ ਸਾਰਾ ਜੱਗ ਤਾਰਿਆ', ਕਲਾਸ ਪੰਜਵੀਂ ਦੇ ਵਿਦਿਆਰਥੀਆਂ ਨੇ 'ਵਿਗੜੀ ਬਚਾਈ ਉਸ ਨੇ', ਛੇਵੀਂ ਦੇ ਵਿਦਿਆਰਥੀਆਂ ਦੁਆਰਾ 'ਸਤਿਗੁਰੂ ਨਾਨਕ ਪ੍ਰਗਟਿਆ', ਕਲਾਸ ਸੱਤਵੀਂ ਦੇ ਵਿਦਿਆਰਥੀਆਂ ਨੇ 'ਇਕ ਬਾਬਾ ਅਕਾਲ ਰੂਪ', ਅੱਠਵੀਂ ਦੁਆਰਾ 'ਘਰ-ਘਰ ਬਾਬਾ ਗਾਵੀਐ' ਅਤੇ ਨੌਵੀਂ ਤੇ ਦੱਸਵੀਂ ਕਲਾਸ ਦੇ ਵਿਦਿਆਰਥੀਆਂ ਨੇ 'ਕਲਿ ਤਾਰਣ ਗੁਰੂ ਨਾਨਕ ਆਇਆ' ਆਦਿ ਮਧੁਰ ਸ਼ਬਦਾਂ ਦਾ ਉਚਾਰਨ ਕੀਤਾ ਗਿਆ। ਇਸ ਦੇ ਬਾਅਦ ਸੰਗੀਤ ਅਧਿਆਪਕਾ ਰਮਨ ਦੇ ਦੁਆਰਾ 'ਜਪੁਜੀ ਸਾਹਿਬ' ਦਾ ਪਾਠ ਕਰਨ ਉਪਰੰਤ ਅਰਦਾਸ ਕੀਤੀ ਗਈ। ਅੰਤ 'ਚ ਸਮੂਹ ਸੰਗਤਾਂ ਨੂੰ ਕੜਾਹ ਪ੍ਰਸ਼ਾਦ ਵੰਡਿਆ ਗਿਆ। ਸਕੂਲ ਡਾਇਰੈਕਟਰ ਡਾ. ਵਰੁਣ ਜੈਨ ਨੇ ਸਾਰਿਆਂ ਨੂੰ ਗੁਰੂ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਦੱਸਿਆ ਕੇ ਅਸੀਂ ਸਾਰੇ ਭਾਗਾਂ ਵਾਲੇ ਹਾਂ। ਸਾਨੂੰ ਗੁਰੂ ਜੀ ਦੀਆਂ ਦਿੱਤੀਆਂ ਸਿੱਖਿਆਵਾਂ 'ਤੇ ਚਲਣਾ ਚਾਹੀਦਾ ਹੈ ਤੇ ਸਾਰੀ ਮਾਨਵਤਾ ਦੀ ਭਲਾਈ ਲਈ ਕੰਮ ਕਰਨੇ ਚਾਹੀਦੇ ਹਨ। ਸਕੂਲ ਪਿੰ੍ਸੀਪਲ ਕੇ ਵਸੁਧਾ ਜੈਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਭ ਸੰਗਤਾਂ ਨੂੰ ਵਧਾਈ ਦਿੱਤੀ।