ਬਲਜੀਤ ਰਤਨ,ਨਵਾਂਸ਼ਹਿਰ : ਸ਼ਹੀਦ ਮਾਸਟਰ ਮਲਕੀਤ ਸਿੰਘ ਫੱਟੀ ਬਸਤਾ ਚੌਂਕ ਨਵਾਂਸ਼ਹਿਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਕ ਪਾਸੇ ਸਲੋਹ ਰੋਡ ਚੌਂਕ 'ਤੇ ਸਥਿਤ ਨਾਮਧਾਰੀ ਬੀਜ ਭੰਡਾਰ ਵੱਲੋਂ ਨਵੀਆਂ ਬਣਾਈਆਂ ਜਾ ਰਹੀਆਂ ਦੁਕਾਨਾਂ ਨੂੰ ਸੜਕ ਤੋਂ ਕਰੀਬ 17 ਫੁੱਟ ਛੱਡ ਕੇ ਉਸਾਰੀ ਜਾਇਜ਼ ਹੋ ਰਹੀ ਹੈ। ਦੂਜੇ ਪਾਸੇ ਨਗਰ ਕੌਂਸਲ ਨੂੰ ਜਾਂਦੀ ਸੜਕ ਅਤੇ ਚੌਂਕ ਦੇ ਨਾਲ ਉਸਾਰੀਆਂ ਜਾ ਰਹੀਆਂ ਦੁਕਾਨਾਂ ਬਿਲਕੁਲ ਸੜਕ ਦੇ ਕਿਨਾਰੇ ਬਣਨ ਕਰਕੇ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ। ਸ਼ਹਿਰ ਦੇ ਬੁੱਧੀਜੀਵੀ ਵਰਗ ਦੇ ਕੁਝ ਆਗੂਆਂ ਨੇ ਆਪਣਾ ਨਾਂ ਅਜੇ ਗੁਪਤ ਰੱਖਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਉਸਾਰੀ ਲਈ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨਾਲ ਗੱਲਬਾਤ ਹੋਣ ਜਾ ਰਹੀ ਹੈ। ਉਸਾਰੀ 17 ਫੱੁਟ ਛੱਡੇ ਬਿਨਾਂ ਨਗਰ ਕੌਂਸਲ ਪ੍ਰਸ਼ਾਸਨ ਨਾਲ ਮਿਲੀ ਭੁਗਤ ਨਾਲ ਦੁਕਾਨਾਂ ਦੀ ਉਸਾਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਟਰੈਫਿਕ ਸਮੱਸਿਆ ਤੋਂ ਰਾਹਤ ਦਵਾਉਣ ਲਈ ਹਲਕਾ ਵਿਧਾਇਕ ਅੰਗਦ ਸਿੰਘ ਅਤੇ ਪ੍ਰਸ਼ਾਸਨ ਨੇ ਸੜਕ 'ਚ ਦੁਕਾਨਾਂ ਨੂੰ ਚੁੱਕ ਕੇ ਟਰੈਫਿਕ ਦੀ ਭੀੜ ਤੋਂ ਲੋਕਾਂ ਨੂੰ ਰਾਹਤ ਦੁਆਉਣ 'ਚ ਅਹਿਮ ਭੂਮਿਕਾ ਨਿਭਾਈ। ਜ਼ਿਕਰਯੋਗ ਹੈ ਕਿ ਚੌਂਕ ਖੁੱਲਾ ਕਰਕੇ ਲੋਕਾਂ ਨੂੰ ਟਰੈਫਿਕ ਤੋ ਰਾਹਤ ਮਿਲਣ ਦੀ ਥਾਂ ਹੁਣ ਫਿਰ ਲੋਕਾਂ ਵੱਲੋਂ ਨਾਜਾਇਜ਼ ਸੜਕ 'ਚ ਕਬਜ਼ੇ ਹੋਣ ਕਰਕੇ ਚੌਂਕ 'ਚ ਅਕਸਰ ਚੌਕ ਵਿਚ ਦੁਰਘਟਨਾਵਾਂ ਹੀ ਵਾਪਰ ਰਹੀਆ ਹਨ।

---------

ਕੀ ਕਹਿੰਦੇ ਹਨ ਈਓ

ਨਗਰ ਕੌਂਸਲ ਦੇ ਈਓ ਜਗਜੀਤ ਸਿੰਘ ਜੱਜ ਨਾਲ ਜਦੋਂ ਫੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਉਸਾਰੀ ਮੇਰੇ ਧਿਆਨ 'ਚ ਨਹੀਂ ਹੈ। ਉਸਾਰੀ ਦੀ ਜਾਂਚ ਲਈ ਐੱਮਈ ਨੂੰ ਮੌਕਾ ਦੇਖਣ ਲਈ ਭੇਜਿਆ ਗਿਆ। ਮੈਂ ਅਜੇ ਜ਼ਿਲ੍ਹਾ ਪ੍ਰਸ਼ਾਸਨ ਦੀ ਮੀਟਿੰਗ ਵਿਚ ਹਾਂ।

---------

ਕੀ ਕਹਿੰਦੇ ਹਨ ਐੱਮਈ

ਜਦੋਂ ਪਰਸ਼ੋਤਮ ਲਾਲ ਐੱਮਈ ਨਾਲ ਫੋਨ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਮੈਂ ਕੰਮ ਵਿਚ ਬੀਜ਼ੀ ਹੋਣ ਕਰਕੇ ਉਸਾਰੀ ਦਾ ਮੌਕਾ ਨਹੀਂ ਦੇਖ ਸਕਿਆ, ਕਿ ਉਸਾਰੀ ਜ਼ਾਇਜ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਨਕਸ਼ੇ ਪਾਸ ਹੋਣ ਬਾਰੇ ਵੀ ਪੜਤਾਲ ਕੀਤੀ ਜਾਵੇਗੀ।

---------

ਕੀ ਕਹਿੰਦੇ ਹਨ ਨਗਰ ਕੌਂਸਲ ਪ੍ਰਧਾਨ

ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਲਲਿਤ ਮੋਹਨ ਪਾਠਕ ਨੇ ਕਿਹਾ ਕਿ ਦੁਕਾਨਾਂ ਦਾ ਨਕਸ਼ਾ ਪਾਸ ਹੋ ਚੁੱਕਾ ਹੈ। ਜਿੱਥੋਂ ਤੱਕ ਉਸਾਰੀ ਤੋਂ ਅੱਗੇ 17 ਫੱੁਟ ਰਕਬਾ ਛੱਡਣ ਦੀ ਗੱਲ ਹੈ। ਸੜਕ ਨੂੰ ਚੌੜਾ ਕਰਨ ਅਤੇ ਟਰੈਫਿਕ ਸਮੱਸਿਆ ਹੱਲ ਕਰਨ ਲਈ ਕਈ ਕੁਝ ਤਬਦੀਲੀਆਂ ਕੀਤੀਆਂ ਗਈਆਂ।