ਪ੍ਰਦੀਪ ਭਨੋਟ, ਨਵਾਂਸ਼ਹਿਰ : ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲੇ ਪਹਿਲੇ ਵਿਅਕਤੀ ਪਾਠੀ ਗਿਆਨੀ ਬਲਦੇਵ ਸਿੰਘ ਵਾਸੀ ਪਠਲਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੰਪਰਕ ਵਿਚ 37 ਪਰਿਵਾਰਾਂ ਦੇ ਕਰੀਬ 200 ਤੋਂ ਵੱਧ ਲੋਕਾਂ ਦੇ ਆਉਣ ਕਰ ਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸਮੇਤ ਆਸ ਪਾਸ ਦੇ ਜ਼ਿਲਿ੍ਆਂ 'ਚ ਵੀ ਖੌਫ ਬਣਿਆ ਹੋਇਆ ਹੈ। ਪੰਜਾਬ ਵਿਚ ਹੁਣ ਤਕ ਕੁੱਲ 30 ਮਰੀਜ਼ ਕੋਰੋਨਾ ਵਾਇਰਸ ਦੇ ਪੌਜ਼ਿਟਿਵ ਮਿਲੇ ਹਨ।

ਪੌਜ਼ਿਟਿਵ ਮਿਲੇ ਇਨ੍ਹਾਂ ਮਰੀਜ਼ਾਂ ਵਿਚੋਂ ਇਕੱਲੇ ਜ਼ਿਲ੍ਹੇ ਨਾਲ ਸਬੰਧਤ 18 ਮਰੀਜ਼ ਹਨ। ਇਨ੍ਹਾਂ ਵਿਚੋਂ ਮਰਨ ਵਾਲੇ ਵਿਅਕਤੀ ਗਿਆਨੀ ਬਲਦੇਵ ਸਿੰਘ ਦੇ ਸੰਪਰਕ ਵਿਚ 13 ਤੋਂ ਵੱਧ ਰਿਸ਼ਤੇਦਾਰ ਆਏ ਹਨ। ਜ਼ਿਕਰਯੋਗ ਹੈ ਕਿ ਜਿਹੜੇ 200 ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਵਿਅਕਤੀ ਨਾਲ ਸੰਪਰਕ 'ਚ ਆਏ ਹਨ, ਉਨ੍ਹਾਂ ਦਾ ਸੰਪਰਕ ਹੋਰ ਕਿੰਨੇ ਹਜ਼ਾਰ ਲੋਕਾਂ ਨਾਲ ਹੋਇਆ ਹੋਵੇਗਾ, ਇਹ ਚਿੰਤਾ ਦਾ ਵਿਸ਼ੇਸ਼ ਹੈ।

ਸਿਹਤ ਵਿਭਾਗ ਕੋਲ ਵੀ ਇੰਨੇ ਸਾਧਨ ਨਹੀਂ ਹਨ ਕਿ ਉਨ੍ਹਾਂ ਲੋਕਾਂ ਕੋਲ ਜਲਦੀ ਤੋਂ ਜਲਦੀ ਪਹੁੰਚ ਕੇ ਜਾਂਚ ਕੀਤੀ ਜਾ ਸਕੇ। ਦੂਸਰੀ ਚਿੰਤਾ ਵਾਲੀ ਗੱਲ ਇਹ ਹੈ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਬਹੁਤੇ ਪਰਵਾਸੀ ਭਾਰਤੀਆਂ ਦਾ ਹਾਲੇ ਤਕ ਕੁਝ ਪਤਾ ਹੀ ਨਹੀਂ ਲੱਗ ਸਕਿਆ ਪਰ ਸਿਹਤ ਵਿਭਾਗ ਅਤੇ ਪੁਲਿਸ ਜੱਦੋ ਜਹਿਦ ਕਰ ਰਹੀ ਹੈ ਤਾਂ ਜੋ ਇਨ੍ਹਾਂ ਪਰਵਾਸੀ ਭਾਰਤੀਆਂ ਦਾ ਪਤਾ ਲਾ ਕੇ ਇਨ੍ਹਾਂ ਦੇ ਟੈਸਟ ਲਏ ਜਾਣ।