ਜਗਤਾਰ ਮਹਿੰਦੀਪੁਰੀਆ , ਬਲਾਚੌਰ : ਪਿੰਡ ਨਾਨੋਵਾਲ ਬੇਟ ਵਿਖੇ ਇਲੈਕਟਿ੍ਸ਼ਨ ਦੀ ਦੁਕਾਨ ਨੂੰ ਅਣਪਛਾਤੇ ਚੋਰਾਂ ਵੱਲੋਂ ਦਿਨ ਦਿਹਾੜੇ ਨਿਸ਼ਾਨਾ ਬਣਾਇਆ ਹੈ। ਪਿੰਡ ਨਿਆਣਾ ਬੇਟ ਨਿਵਾਸੀ ਰਾਮ ਲਾਲ ਲਾਲੀ ਨੇ ਦੱਸਿਆ ਕਿ ਉਹ ਪਿੰਡ ਨਾਨੋਵਾਲ ਬੇਟ ਵਿਖੇ ਇਲੈਕਟਿ੍ਸ਼ਨ ਲਾਲੀ ਨਾਂ ਦੀ ਦੁਕਾਨ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਬੀਤੇ ਦਿਨ ਉਹ ਆਪਣੀ ਦੁਕਾਨ 'ਤੇ ਰੋਜ਼ਾਨਾ ਦੀ ਤਰਾਂ੍ਹ ਕੰਮ ਕਰ ਰਿਹਾ ਸੀ ਅਤੇ ਉਹ ਬਾਅਦ ਦੁਪਹਿਰ ਆਪਣੇ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਹੋਣ ਉਪਰੰਤ ਘਰ ਛੱਡਣ ਗਿਆ ਸੀ। ਜਦੋਂ ਉਹ ਵਾਪਸ ਦੁਕਾਨ 'ਤੇ ਆਇਆ ਤਾਂ ਦੇਖਿਆ ਕਿ ਉਸ ਦੀ ਦੁਕਾਨ ਦੇ ਅੱਗੇ ਰਿਪੇਅਰ ਕਰਨ ਲਈ ਆਏ ਮੋਨੋ ਬਲਾਕ ਜਿਨਾਂ੍ਹ 'ਚ ਇੱਕ ਤਿੰਨ ਹਾਰਸ ਪਾਵਰ ਤੇ ਦੂਜਾ ਪੰਜ ਹਾਰਸ ਪਾਵਰ ਦਾ ਮੋਨੋ ਬਲਾਕ ਅਣਪਛਾਤੇ ਚੋਰ ਚੋਰੀ ਕਰਕੇ ਰਫੂ ਚੱਕਰ ਹੋ ਗਏ। ਉਸ ਵੱਲੋਂ ਚੋਰੀ ਹੋਏ ਸਮਾਨ ਦੀ ਇਧਰ ਉਧਰ ਭਾਲ ਵੀ ਕੀਤੀ, ਪਰ ਕੁਝ ਵੀ ਪਤਾ ਨਾ ਲੱਗਾ। ਦੁਕਾਨਦਾਰ ਰਾਮ ਲਾਲ ਨੇ ਦੱਸਿਆ ਕਿ ਚੋਰਾਂ ਵੱਲੋਂ ਉਸ ਦਾ ਕਰੀਬ 12 ਹਜ਼ਾਰ ਰੁਪਏ ਦਾ ਨੁਕਸਾਨ ਕੀਤਾ ਅਤੇ ਇੱਕ ਹੀ ਮਾਲਕ ਵੱਲੋਂ ਉਸ ਨੂੰ ਠੀਕ ਕਰਨ ਲਈ ਦਿੱਤੀਆਂ ਸਨ।