ਜਗਤਾਰ ਮਹਿੰਦੀਪੁਰੀਆ, ਬਲਾਚੌਰ : ਸਬ ਡਵੀਜ਼ਨ ਬਲਾਚੌਰ ਦੇ ਸਰਕਾਰੀ, ਸਹਾਇਤਾ ਪ੍ਰਰਾਪਤ, ਪ੍ਰਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਬੱਚਿਆਂ ਲਈ ਦੁਪਹਿਰ ਦਾ ਖਾਣਾ ਤਿਆਰ ਕਰਕੇ ਦੇਣ ਵਾਲੀਆਂ ਬੀਬੀਆਂ ਵੱਲੋਂ ਸਰਕਾਰ ਵੱਲੋਂ ਦਿੱਤੀ ਜਾਂਦੀ ਘੱਟ ਉਜ਼ਰਤ ਦੇ ਵਿਰੱੁਧ ਸੰਘਰਸ਼ ਛੇੜਨ ਦੀ ਚਿਤਾਵਨੀ ਦਿੰਦਿਆਂ ਇਕ ਮੰਗ ਪੱਤਰ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਭੇਜਿਆ। ਉਨ੍ਹਾਂ ਵੱਲੋਂ ਇਹ ਮੰਗ ਪੱਤਰ ਸੂਬਾਈ ਕਮੇਟੀ ਦੇ ਸੱਦੇ 'ਤੇ ਹਲਕਾ ਵਿਧਾਇਕ ਚੌ:ਦਰਸ਼ਨ ਲਾਲ ਮੰਗੂਪੁਰ ਦੇ ਦਫ਼ਤਰ ਬਲਾਚੌਰ ਵਿਖੇ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮਿਡ-ਡੇਅ-ਮੀਲ ਵਰਕਰਾਂ ਨੂੰ ਜੋ 1700 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੰਦੀ ਹੈ, ਸਮੇਂ ਦੇ ਲਿਹਾਜ ਨਾਲ ਬਹੁਤ ਹੀ ਘੱਟ ਹੈ। ਉਹ ਵੀ ਸਾਲ ਵਿਚ ਸਿਰਫ਼ 10 ਮਹੀਨੇ ਹੀ ਮਿਲਦਾ ਹੈ। ਇਹ ਵਰਕਰ ਪਿਛਲੇ 10 ਸਾਲਾਂ ਤੋਂ ਘਟੋ ਘੱਟ ਉਜ਼ਰਤ ਦੇ ਹੱਕ ਤੋਂ ਵੀ ਵਾਂਝੀਆਂ ਹਨ। ਸਾਰਾ ਦਿਨ ਕੰਮ ਬਦਲੇ ਇੰਨੇ ਘੱਟ ਪੈਸੇ ਦੇਕੇ ਮਿਡ-ਡੇਅ-ਮੀਲ ਵਰਕਰਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਆਪਣੇ ਮੰਗ ਪੱਤਰ 'ਚ ਸਿੱਖਿਆ ਮੰਤਰੀ ਪੰਜਾਬ ਨਾਲ ਮੰਗਾਂ ਸਬੰਧੀ ਮੀਟਿੰਗ ਦੇ ਸਮੇਂ ਦੀ ਮੰਗ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਸਮਾਂ ਨਾ ਦਿੱਤਾ ਗਿਆ ਤਾਂ ਜਥੇਬੰਦੀ ਇਕਜੁੱਟ ਹੋ ਕੇ 14 ਦਸੰਬਰ ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਿਘਰਾਓ ਕਰਨ ਲਈ ਸੰਗਰੂਰ ਪੁੱਜਣਗੀਆਂ ਅਤੇ ਸ਼ਹਿਰ ਅੰਦਰ ਰੋਸ ਮਾਰਚ ਵੀ ਕਰਨਗੀਆਂ। ਜ਼ਿਕਰਯੋਗ ਹੈ ਕਿ ਮਿਡ-ਡੇਅ-ਮੀਲ ਵਰਕਰਾਂ ਵੱਲੋਂ ਐਲਾਨੀ 16 ਨਵੰਬਰ ਨੂੰ ਜਦੋਂ ਵਰਕਰਾਂ ਮੰਗ ਪੱਤਰ ਦੇਣ ਹਲਕਾ ਵਿਧਾਇਕ ਦੇ ਦਫ਼ਤਰ ਪੁੱਜੀਆਂ ਤਾਂ ਉੱਥੇ ਹਲਕਾ ਵਿਧਾਇਕ ਮੌਜੂਦ ਨਹੀਂ ਸਨ।

--------

ਕੀ ਹਨ ਮੰਗਾਂ

ਮਿਡ-ਡਅੇ-ਮੀਲ ਵਰਕਰਜ਼ ਨੂੰ ਸਕਿੱਲਡ ਵਰਕਰ ਮੰਨਦੇ ਹੋਏ ਘੱਟੋਂ ਘੱਟ ਉਜਰਤ 'ਚ ਲਿਆਂਦਾ ਜਾਵੇ, ਜਦੋਂ ਤੱਕ ਮੰਗ ਨੰਬਰ ਪੂਰੀ ਨਹੀਂ ਉਦੋਂ ਤੱਕ ਹਰਿਆਣਾ ਪੈਟਰਨ 'ਤੇ 3500 ਰੁਪਏ ਮਹੀਨਾ ਮਾਣ ਭੱਤਾ ਦਿੱਤਾ ਜਾਵੇ, ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਵਰਕਰਾਂ ਨੂੰ ਵੀ ਅਚਨਚੇਤ, ਮੈਡੀਕਲ, ਪ੍ਰਸੂਤਾ ਅਤੇ ਕਮਾਈ ਛੁੱਟੀ ਦਿੱਤੀ ਜਾਵੇ, ਹਰੇਕ ਵਰਕਰ ਨੂੰ ਗਰਮ ਅਤੇ ਸਰਦ ਰੁੱਤ ਦੀਆਂ ਵਰਦੀਆਂ ਅਤੇ ਪਛਾਣ ਪੱਤਰ ਦਿੱਤੇ ਜਾਣ, ਵਰਕਰਾਂ ਦਾ 5 ਲੱਖ ਦਾ ਮੁਫ਼ਤ ਜੀਵਨ ਬੀਮਾ ਕੀਤਾ ਜਾਵੇ, ਹਰ ਇਕ ਸਕੂਲ 'ਚ ਘੱਟੋਂ ਘੱਟ 2 ਵਰਕਰਾਂ ਰੱਖੀਆਂ ਜਾਣ, ਹਰੇਕ 25 ਬੱਚਿਆਂ ਮਗਰ ਇਕ ਹੋਰ ਵਰਕਰ ਰੱਖੀ ਜਾਵੇ, ਸਕੂਲਾਂ ਵਿਚੋਂ ਬੱਚੇ ਘਟਣ ਕਾਰਨ ਵਰਕਰਾਂ ਦੀ ਛਾਂਟੀ ਨਾ ਕੀਤੀ ਜਾਵੇ, ਬਿਨਾਂ ਕਾਰਨ ਹਟਾਈਆਂ ਵਰਕਰਾਂ ਨੂੰ ਬਹਾਲ ਕੀਤਾ ਜਾਵੇ, ਵਰਕਰਾਂ ਤੋਂ ਜਬਰਦਸਤੀ ਹੋਰ ਕੋਈ ਵੀ ਕੰਮ ਨਾ ਲਿਆ ਜਾਵੇ, ਸੇਵਾ ਪੱਤਰੀਆਂ ਲਗਾ ਕੇ ਸੀਪੀਐੱਫ ਕੱਟਣਾ ਸ਼ੁਰੂ ਕੀਤਾ ਜਾਵੇ ਤੋਂ ਇਲਾਵਾ ਹੋਰ ਵੀ ਮੁੱਖ ਮੰਗਾਂ ਹਨ।