ਪ੍ਰਦੀਪ ਭਨੋਟ, ਨਵਾਂਸ਼ਹਿਰ

ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਖੰਡ ਮਿਲ ਵਿਖੇ ਕਿਸਾਨਾਂ ਵੱਲੋਂ ਵੀਰਵਾਰ ਨੂੰ ਖੰਡ ਮਿਲ ਵਿਖੇ ਖੰਡ ਦੀ ਸਾਂਭ ਸੰਭਾਲ ਨੂੰ ਲੈ ਕੇ ਕੀਤੇ ਜਾ ਰਹੇ ਨਾਕਾਰਾ ਪ੍ਰਬੰਧਾਂ ਦੀ ਪੋਲ ਖੋਲ੍ਹਦੇ ਹੋਏ ਇਸ ਮਾਮਲੇ ਵਿਚ ਜ਼ਿਲ੍ਹਾ ਪ੍ਰਸ਼ਾਸਨ, ਸਰਕਾਰ ਤੋਂ ਯੋਗ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਮੌਕੇ ਕਿਸਾਨ ਦੋਆਬਾ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਅਮਰਜੀਤ ਸਿੰਘ, ਸੋਹਣ ਸਿੰਘ ਉੱਪਲ, ਵਚਿੱਤਰ ਸਿੰਘ, ਕਲਵੀਰ ਸਿੰਘ, ਹਰਦੀਪ ਸਿੰਘ ਵਜੀਦਪੁਰ, ਮਹਿੰਦਰ ਸਿੰਘ ਉੜਾਪੜ ਨੇ ਕਿਹਾ ਕਿ ਕਿਸਾਨਾਂ ਵੱਲੋਂ ਗੰਨੇ ਨਾਲ ਲੱਦੀ ਟਰਾਲੀ ਵਿਚ ਜਦੋਂ ਥੋੜੀ ਜਿਹੀ ਖੋਰੀ ਵੀ ਆ ਜਾਂਦੀ ਹੈ ਤਾਂ ਕਿਸਾਨਾਂ ਦੀ ਫਸਲ 'ਤੇ ਕੱਟ ਲਗਾਉਣ ਤੋਂ ਗੁਰੇਜ ਨਹੀਂ ਕੀਤਾ ਜਾਂਦਾ। ਜਦਕਿ ਕਿਸਾਨਾਂ ਵੱਲੋਂ ਲਿਆਂਦੇ ਗੰਨੇ ਨਾਲ ਤਿਆਰ ਕੀਤੀ ਗਈ ਖੰਡ ਦੀ ਸਾਂਭ ਸੰਭਾਲ ਦੇ ਮਾੜੇ ਪ੍ਰਬੰਧਾਂ ਨੇ ਅੱਜ ਸ਼ੂਗਰ ਮਿੱਲ ਦੇ ਪ੍ਰਬੰਧਕਾਂ ਦੀ ਕਾਰਗੁਜਾਰੀ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ੂਗਰ ਮਿਲ ਦੇ ਗੋਦਾਮਾਂ ਵਿਚ ਗੰਦਗੀ ਭਰੇ ਮਾਹੌਲ ਵਿਚ ਰੱਖੀ ਗਈ ਖਰਾਬ ਖੰਡ ਦੇ ਨਿਪਟਾਰੇ ਬਾਰੇ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਇਹ ਖੰਡ ਸਸਤੇ ਭਾਅ 'ਤੇ ਹਲਵਾਈਆਂ, ਬੇਕਰੀ ਵਾਲਿਆਂ, ਗੁੜ ਬਣਾਉਣ ਵਾਲਿਆਂ ਨੂੰ ਵੇਚ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਖੰਡ ਦੀ ਵਰਤੋਂ ਤਿਉਹਾਰਾਂ ਦੇ ਸੀਜ਼ਨ ਵਿਚ ਮਠਿਆਈ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਤਾਂ ਇਸ ਮਠਿਆਈ ਨੂੰ ਖਾਉਣ ਵਾਲੇ ਲੋਕਾਂ ਦੀ ਸਿਹਤ ਦਾ ਕੀ ਹਾਲ ਹੋਵੇਗਾ। ਇਹ ਕਿਸੇ ਤੋਂ ਲੁਕਿਆ ਨਹੀਂ ਹੈ।

ਉਨ੍ਹਾਂ ਕਿਹਾ ਕਿ 10 ਦਿਨ ਪਹਿਲਾ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਇਸ ਦੀ ਵੀਡੀਓ ਤਿਆਰ ਕਰਕੇ ਅਫ਼ਸਰਾਂ ਨੂੰ ਦਿਖਾਈ ਸੀ ਪਰ ਅੱਜ ਵੀ ਹਾਲਾਤ ਉਸੇ ਤਰ੍ਹਾਂ ਹਨ। ਉਨ੍ਹਾਂ ਕਿਹਾ ਕਿ ਸ਼ੂਗਰ ਮਿੱਲ ਦੇ ਮੁਲਾਜ਼ਮਾਂ ਵੱਲੋਂ ਇਸ ਖੰਡ ਨੰੂ ਤਿਰਪਾਲਾਂ ਨਾਲ ਢੱਕ ਦਿੱਤਾ ਹੈ ਪਰ ਖੰਡ ਦੀ ਸਾਂਭ ਸੰਭਾਲ ਦੇ ਨਾਕਾਰਾ ਪ੍ਰਬੰਧਾਂ ਬਾਰੇ ਕੋਈ ਯੋਗ ਪ੍ਰਬੰਧ ਨਾ ਕਰਨ ਕਾਰਨ ਅਤੇ ਅਫ਼ਸਰਾਂ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਾ ਦੇਣ ਕਾਰਨ ਉਨ੍ਹਾਂ ਨੰੂ ਇਸ ਮਾਮਲੇ ਨੂੰ ਜਗ ਜਾਹਿਰ ਕਰਨਾ ਪਿਆ ਹੈ । ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਧਿਆਨ ਵਿਚ ਇਹ ਮਾਮਲਾ ਲਿਆਕੇ ਇਸ ਮਾਮਲੇ ਵਿਚ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਮਿਲ ਪ੍ਰਬੰਧਕਾਂ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਤਾਂ ਉਹ ਕਿਸਾਨਾਂ ਨੂੰ ਨਾਲ ਲੈ ਕੇ ਧਰਨੇ ਅਤੇ ਪ੍ਰਦਰਸ਼ਨ ਕਰਨ ਤੋਂ ਪਿੱਛੇ ਨਹੀਂ ਹੱਟਣਗੇ।

ਗੋਦਾਮ ਕੀਪਰ ਨੂੰ ਕੀਤਾ ਜਾਵੇਗਾ ਸਸਪੈਂਡ : ਜੀਐੱਮ

ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਖੰਡ ਮਿਲ ਦੇ ਜਨਰਲ ਮੈਨੇਜਰ ਸੁਰਿੰਦਰ ਪਾਲ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਗੋਦਾਮ ਕੀਪਰ ਨੂੰ ਸਸਪੈਂਡ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਖੰਡ 2017-18 ਨਾਲ ਸਬੰਧਤ ਹੈ। ਜ਼ਿਲ੍ਹੇ ਵਿਚ ਯੂਪੀ ਦੀ ਖੰਡ 2500 ਰੁਪਏ ਦੇ ਹਿਸਾਬ ਨਾਲ ਵਿਕਣ ਕਾਰਨ ਉਨ੍ਹਾਂ ਦੀ 3100 ਰੁਪਏ ਵਾਲੀ ਖੰਡ ਦੀ ਸੇਲ ਘੱਟ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਇਸ ਖੰਡ ਦੀ ਰੀ ਪ੍ਰਰੋਸੈਸਿੰਗ ਬਾਰੇ ਮਨਜ਼ੂਰੀ ਲੈ ਲਈ ਗਈ ਹੈ। ਉਨ੍ਹਾਂ ਕਿਹਾ ਕਿ ਖੰਡ ਮਿਲ ਵਿਚ ਸਾਫ ਸਫਾਈ ਦੇ ਯੋਗ ਪ੍ਰਬੰਧ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਖੰਡ ਦੀ ਲਿਫਟਿੰਗ ਲਈ ਵੀ ਠੇਕੇਦਾਰ ਨੂੰ ਸੁੱਚਜੇ ਪ੍ਰਬੰਧਾਂ ਲਈ ਹਿਦਾਇਤ ਜਾਰੀ ਕੀਤੀ ਗਈ ਹੈ। ਲੇਬਰ ਦੀ ਘਾਟ ਕਾਰਨ ਇਸ ਸਮਸਿਆ ਪੇਸ਼ ਆਈ ਹੈ। ਜਿਸ ਨੂੰ ਜਲਦੀ ਦੂਰ ਕਰ ਲਿਆ ਜਾਵੇਗਾ।

2017-18 ਦੀ 988 ਕੁਇੰਟਲ ਖੰਡ ਨੂੰ ਰੀ-ਪ੍ਰਰੋਸੈੱਸ ਕਰਨ ਲਈ ਪ੍ਰਵਾਨਗੀ ਲਈ : ਜੀਐੱਮ

ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦੇ ਜਨਰਲ ਮੈਨੇਜਰ ਸੁਰਿੰਦਰ ਪਾਲ ਨੇ ਦੱਸਿਆ ਕਿ ਮਿੱਲ ਵੱਲੋਂ ਹੁਣ ਤਕ ਲਗਪਗ 13.70 ਲੱਖ ਕੁਇੰਟਲ ਗੰਨਾ ਪੀੜਿਆ ਜਾ ਚੱੁਕਾ ਹੈ ਅਤੇ ਮਿੱਲ ਵੱਲੋਂ ਇਸ ਸੀਜ਼ਨ 1.16 ਲੱਖ ਕੁਇੰਟਲ ਖੰਡ ਦਾ ਉਤਪਾਦਨ ਕੀਤਾ ਜਾ ਚੱੁਕਾ ਹੈ। ਇਸ ਸਮੇਂ ਮਿੱਲ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਮਿੱਲ ਵੱਲੋਂ ਜ਼ਿਮੀਂਦਾਰਾਂ ਦੀ ਹਰ ਸਹੂਲਤ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਮਿੱਲ ਦੇ ਗੋਦਾਮਾਂ ਵਿਚ ਸੀਜ਼ਨ 2017-18 ਦੀ 988 ਕੁਇੰਟਲ ਖੰਡ ਜਿਹੜੀ ਕਿ ਹੁਣ ਤੱਕ ਵਿਕਰੀ ਨਹੀ ਹੋਈ ਹੈ ਨੂੰ ਖੰਡ ਦੀ ਵਿਕਰੀ ਕਮੇਟੀ ਤੋਂ ਖੰਡ ਨੂੰ ਰੀ-ਪ੍ਰਰੋਸੈੱਸ ਕਰਨ ਲਈ ਪ੍ਰਵਾਨਗੀ ਲਈ ਜਾ ਚੁੱਕੀ ਹੈ, ਐਕਸਾਈਜ ਵਿਭਾਗ ਨੂੰ ਇਸ ਸਬੰਧੀ ਸੂਚਨਾ ਭੇਜੀ ਜਾ ਚੁੱਕੀ ਹੈ ਅਤੇ ਖੰਡ ਨੂੰ ਰੀ-ਪ੍ਰਰੋਸੈੱਸ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਉਨ੍ਹਾ ਦੇ ਨਾਲ ਜਸਵੰਤ ਸਿੰਘ (ਮੁੱਖ ਗੰਨਾ ਵਿਕਾਸ ਅਫਸਰ), ਸ਼ੁਸ਼ੀਲ ਕੁਮਾਰ ਗੁਪਤਾ (ਉਪ ਮੁੱਖ ਇੰਜੀਨੀਅਰ), ਸੁਭਾਸ਼ ਚੰਦਰ ਉਪ ਮੁੱਖ ਰਸਾਇਣਕਾਰ, ਸੰਜੇ ਕੁਮਾਰ ਆਫਿਸ ਸੁਪਰਡੈਂਟ ਆਦਿ ਹਾਜਰ ਸਨ।