ਪ੍ਰਦੀਪ ਭਨੋਟ, ਨਵਾਂਸ਼ਹਿਰ

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਨੇ 'ਸਮਾਰਟ ਵਿਲੇਜ' ਪ੍ਰਰੋਗਰਾਮ ਦੇ ਦੂਜੇ ਪੜਾਅ ਤਹਿਤ ਅੌੜ ਬਲਾਕ ਦੇ ਪਿੰਡਾਂ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਵੀਰਵਾਰ ਨੂੰ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਬੀਡੀਪੀਓ ਅੌੜ ਰਾਜੇਸ਼ ਚੱਢਾ ਨਾਲ ਬਲਾਕ ਦੇ ਪਿੰਡ ਗੁਣਾਚੌਰ, ਮੀਰਪੁਰ ਲੱਖਾ ਅਤੇ ਬੁਹਾਰਾ ਦਾ ਦੌਰਾ ਕਰ ਕੇ ਮੌਕੇ 'ਤੇ ਹਾਜ਼ਰ ਅਧਿਕਾਰੀਆਂ ਨੂੰ ਕੰਮਾਂ ਦੀ ਰਫ਼ਤਾਰ ਤੇਜ਼ ਕਰਨ ਅਤੇ ਇਨ੍ਹਾਂ ਨੂੰ ਮਿੱਥੇ ਸਮੇਂ ਵਿਚ ਮੁਕੰਮਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਹਦਾਇਤ ਕੀਤੀ ਕਿ ਕੀਤੇ ਜਾ ਰਹੇ ਕੰਮਾਂ ਦੇ ਮਿਆਰ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਸਮੇਂ-ਸਮੇਂ 'ਤੇ ਇਨ੍ਹਾਂ ਦਾ ਨਿਰੀਖਣ ਕੀਤਾ ਜਾਵੇ। ਉਨ੍ਹਾਂ ਛੱਪੜਾਂ ਦੇ ਆਲੇ-ਦੁਆਲੇ ਫੁੱਲਦਾਰ ਤੇ ਛਾਂਦਾਰ ਰੁੱਖ ਲਗਾਏ ਜਾਣ ਦੀ ਵੀ ਹਦਾਇਤ ਕੀਤੀ। ੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਇਨ੍ਹਾਂ ਦੀ ਨੁਹਾਰ ਬਦਲਣ ਦੇ ਮਕਸਦ ਨਾਲ ਚਲਾਇਆ ਜਾ ਰਿਹਾ ਸਮਾਰਟ ਵਿਲੇਜ ਪ੍ਰਰੋਗਰਾਮ ਪਿੰਡਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਿਆਪਕ ਪ੍ਰਰੋਗਰਾਮ ਤਹਿਤ ਪਿੰਡਾਂ ਦੀਆਂ ਗਲੀਆਂ ਵਿਚ ਇੰਟਰਲਾਕਿੰਗ ਟਾਈਲਾਂ ਲਗਾਉਣ, ਵਧੀਆ ਸੀਵਰੇਜ ਸਿਸਟਮ, ਸੀਚੇਵਾਲ ਮਾਡਲ ਅਤੇ ਥਾਪਰ ਤਕਨਾਲੋਜੀ ਰਾਹੀਂ ਆਧੁਨਿਕ ਛੱਪੜਾਂ ਦੀ ਉਸਾਰੀ, ਸੋਲਰ ਸਟਰੀਟ ਲਾਈਟਾਂ ਅਤੇ ਪਾਰਕਾਂ ਤੇ ਖੇਡ ਮੈਦਾਨਾਂ ਦੀ ਉਸਾਰੀ ਦੇ ਕੰਮ ਚੱਲ ਰਹੇ ਹਨ। ਇਸ ਤੋਂ ਇਲਾਵਾ ਘਰਾਂ ਦੇ ਕੂੜੇ ਦੇ ਵਧੀਆ ਪ੍ਰਬੰਧਨ ਲਈ ਸਾਲਿਡ ਵੇਸਟ ਪਲਾਂਟ ਲਗਾਏ ਜਾ ਰਹੇ ਹਨ ਅਤੇ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰ ਕੇ ਇਸ ਦਾ ਯੋਗ ਨਿਪਟਾਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਪਿੰਡ ਮੀਰਪੁਰ ਲੱਖਾ ਦੇ ਸਰਪੰਚ ਹਰਪ੍ਰਰੀਤ ਸਿੰਘ, ਗੁਣਾਚੌਰ ਦੇ ਸਰਪੰਚ ਕਮਲੇਸ਼ ਰਾਣੀ, ਬੁਹਾਰਾ ਦੇ ਸਰਪੰਚ ਰੇਖਾ ਰਾਣੀ, ਪੰਚਾਇਤ ਸਕੱਤਰ ਜਸਵੰਤ ਸਿੰਘ, ਰਾਕੇਸ਼ ਕੁਮਾਰ, ਤਕਨੀਕੀ ਸਹਾਇਕ ਲਖਵੀਰ ਮੱਲ, ਗ੍ਰਾਮ ਰੋਜ਼ਗਾਰ ਸਹਾਇਕ ਕੁਲਦੀਪ ਸਿੰਘ ਅਤੇ ਹੋਰ ਵੀ ਹਾਜ਼ਰ ਸਨ।