ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ

ਕੇਂਦਰ ਸਰਕਾਰ ਖਿਲਾਫ਼ ਵੱਡਾ ਸੰਘਰਸ਼ ਵਿੱਢਦੇ ਹੋਏ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਨੂੰ ਮੁਕੇਰੀਆਂ ਵਿੱਚ ਭਰਵਾਂ ਹੁੰਗਾਰਾ ਮਿਲਿਆ ਤੇ ਸਮੂਹ ਕਿਸਾਨ ਤੇ ਸਮਾਜਿਕ ਜਥੇਬੰਦੀਆਂ ਨੇ ਏਕੇ ਦਾ ਸਬੂਤ ਦਿੰਦੇ ਹੋਏ ਮਾਤਾ ਰਾਣੀ ਚੌਂਕ ਵਿਖੇ ਕੌਮੀ ਰਾਜ ਮਾਰਗ 'ਤੇ ਚੱਕਾ ਜਾਮ ਕਰ ਕੇ ਵਿਸ਼ਾਲ ਰੋਸ ਧਰਨਾ ਆਰੰਭ ਦਿੱਤਾ। ਇਸ ਸਮੇਂ ਮੁਕੰਮਲ ਬੰਦ ਦਾ ਸਮਰਥਨ ਕਰਦੇ ਹੋਏ ਦੁਕਾਨਦਾਰਾਂ ਅਤੇ ਵਪਾਰੀ ਵਰਗ ਨੇ ਮੁਕੇਰੀਆਂ ਸ਼ਹਿਰ ਅਤੇ ਆਸ-ਪਾਸ ਦੇ ਕਸਬਿਆਂ ਵਿੱਚ ਦੁਕਾਨਾਂ ਤੇ ਕਾਰੋਬਾਰ ਬੰਦ ਰੱਖ ਕੇ ਕਿਸਾਨ ਸੰਘਰਸ਼ ਦਾ ਪੱਖ ਪੂਰਿਆ।

ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਾਨੂੰਨ ਬਣਾਏ ਜਾ ਰਹੇ ਖੇਤੀਬਾੜੀ ਆਰਡੀਨੈਂਸ ਪੰਜਾਬ ਦੀ ਕਿਸਾਨੀ ਲਈ ਤਬਾਹਕੁੰਨ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਨਵੇਂ ਖੇਤੀਬਾੜੀ ਕਾਨੂੰਨ ਫ਼ਸਲਾਂ ਦੀ ਸਰਕਾਰੀ ਖ਼ਰੀਦ ਦੇ ਖ਼ਾਤਮੇ ਰਾਹੀਂ ਕਿਸਾਨਾਂ ਨੂੰ ਵੱਡੇ ਵਪਾਰੀਆਂ ਤੇ ਦੇਸੀ-ਵਿਦੇਸ਼ੀ ਕਾਰੋਬਾਰੀ ਘਰਾਣਿਆਂ ਦੇ ਰਹਿਮੋ-ਕਰਮ 'ਤੇ ਛੱਡਣ ਅਤੇ ਫ਼ਸਲਾਂ ਨੂੰ ਕੌਡੀਆਂ ਦੇ ਭਾਅ ਵੇਚਣ ਲਈ ਮਜ਼ਬੂਰ ਕਰਨ ਜਿਹੀਆਂ ਚਾਲਾਂ ਦਾ ਹਿੱਸਾ ਹਨ। ਉਨ੍ਹਾਂ ਰੋਸ ਪ੍ਰਗਟਾਇਆ ਕਿ ਕੇਂਦਰ ਸਰਕਾਰ ਨੇ ਖੇਤੀਬਾੜੀ ਸੋਧ ਬਿੱਲ ਅਤੇ ਬਿਜ਼ਲੀ ਸੋਧ ਬਿੱਲ 2020 ਨੂੰ ਕਾਨੂੰਨ ਬਣਾਏ ਜਾਣ ਤੋਂ ਪਹਿਲਾਂ ਕਿਸਾਨਾਂ ਦੇ ਤੌਖਲੇ ਨੂੰ ਦੂਰ ਕਰਨ ਦਾ ਜ਼ਰਾ ਜਿੰਨਾ ਯਤਨ ਨਹੀਂ ਕੀਤਾ ਤੇ ਦੇਸ਼ ਵਿਆਪੀ ਵਿਰੋਧੀ ਦੇ ਬਾਵਜੂਦ ਧੱਕੇ-ਜ਼ੋਰੀਂ ਬਿੱਲ ਪਾਸ ਕਰ ਕੇ ਕਾਨੂੰਨ ਬਣਾ ਦਿੱਤੇ ਗਏ। ਉਨ੍ਹਾਂ ਕਿਹਾ ਕਿ ਭਾਵੇਂ ਸੰਘਰਸ਼ ਦਾ ਕੋਈ ਵੀ ਰਾਹ ਅਪਣਾਉਣਾ ਪਵੇ ਪਰ ਪੰਜਾਬ ਦਾ ਕਿਸਾਨ ਕੇਂਦਰ ਸਰਕਾਰ ਵੱਲੋਂ ਥੋਪੇ ਜਾ ਰਹੇ ਕਾਲੇ ਕਾਨੂੰਨਾਂ ਨੂੰ ਕਦੇ ਵੀ ਸਹਿਨ ਨਹੀਂ ਕਰੇਗਾ ਤੇ ਕਿਸਾਨ ਜਥੇਬੰਦੀਆਂ ਕਾਲੇ ਕਾਨੂੰਨਾਂ ਨੂੰ ਖ਼ਾਰਜ ਕੀਤੇ ਜਾਣ ਤੱਕ ਦਿਨ-ਰਾਤ ਸੜਕਾਂ 'ਤੇ ਕੱਟਣ ਲਈ ਤਿਆਰ ਹਨ।

ਇਸ ਮੌਕੇ ਜਥੇਦਾਰ ਹਰਬੰਸ ਸਿੰਘ ਮੰਝਪੁਰ, ਕਿਸਾਨ ਆਗੂ ਸਤਨਾਮ ਸਿੰਘ ਬਾਗੜੀਆਂ, ਗੁਰਨਾਮ ਸਿੰਘ ਜਹਾਨਪੁਰ, ਸੁਰਜੀਤ ਸਿੰਘ ਬਿੱਲਾ, ਵਿਜੇ ਕੁਮਾਰ ਬਹਿਬਲ ਮੰਜ, ਪ੍ਰਰੋ. ਜੀਐੱਸ ਮੁਲਤਾਨੀ, ਉਂਕਾਰ ਸਿੰਘ ਪੁਰਾਣਾ ਭੰਗਾਲਾ, ਹਰਦਿੱਤ ਸਿੰਘ, ਬਲਕਾਰ ਸਿੰਘ ਮੱਲ੍ਹੀ, ਕਮਲ ਖੋਸਲਾ, ਨਰਿੰਦਰ ਸਿੰਘ ਗੋਲੀ, ਸੁਰਜੀਤ ਸਿੰਘ ਭੱਟੀਆਂ ਜੱਟਾਂ, ਬਲਜੀਤ ਸਿੰਘ ਛੰਨੀ ਨੰਦ ਸਿੰਘ, ਅਮਰਿੰਦਰ ਸਿੰਘ ਚਨੌਰ, ਅਮਰਜੀਤ ਸਿੰਘ ਢਾਡੇਕਟਵਾਲ, ਗੁਰਜਿੰਦਰ ਸਿੰਘ ਮੰਝਪੁਰ, ਅਵਤਾਰ ਸਿੰਘ ਬੌਬੀ, ਬਲਜਿੰਦਰ ਸਿੰਘ ਰਾਣਾ ਧਨੋਆ, ਸੌਰਵ ਮਨਹਾਸ ਬਿੱਲਾ ਸਰਪੰਚ, ਹਰੀਸ਼ ਚੰਦ ਜਲਾਲਾ, ਸਮਿੰਦਰ ਸਿੰਘ ਮੰਝਪੁਰ, ਸੁਭਾਸ਼ ਚੰਦ ਜੰਡਵਾਲ, ਦਰਬਾਰਾ ਸਿੰਘ, ਮਨਜੀਤ ਸਿੰਘ, ਜਸਵਿੰਦਰ ਸਿੰਘ ਰੰਗਾ, ਬਲਜੀਤ ਸਿੰਘ ਨੀਟਾ ਨੌਸ਼ਹਿਰਾ ਪੱਤਣ, ਪਰਮਵੀਰ ਸਿੰਘ, ਦਵਿੰਦਰ ਸਿੰਘ ਪਲਾਕੀ, ਅਰਜਨ ਸਿੰਘ ਕਜਲਾ, ਸੱਜਣ ਸਿੰਘ, ਹਰਭਜਨ ਸਿੰਘ, ਰਮਨ ਹਲੇੜ, ਬੈਨੀ ਮਿਨਹਾਸ, ਜੌਨੀ ਹਲੇੜ, ਕਸ਼ਮੀਰ ਸਿੰਘ, ਲਖਵੀਰ ਸਿੰਘ ਮਹਿਮੂਦਪੁਰ, ਬੂਟਾ ਸਿੰਘ ਮਹਿਤਾਬਪੁਰ, ਸੁਰਜੀਤ ਸਿੰਘ ਬੱਬੂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਰੋਸ ਧਰਨੇ ਵਿੱਚ ਸ਼ਮੂਲੀਅਤ ਕੀਤੀ ਤੇ ਫ਼ੈਸਲਾ ਕੀਤਾ ਗਿਆ ਕਿ ਰੋਸ ਧਰਨਾ 26 ਸਤੰਬਰ ਸ਼ਾਮ ਤੱਕ ਨਿਰਵਿਘਨ ਜਾਰੀ ਰੱਖਿਆ ਜਾਵੇਗਾ।

ਫੋਟੋ ਕੈਪਸ਼ਨ