ਪੱਤਰ ਪੇ੍ਰਕ, ਕਾਠਗੜ੍ਹ : ਗ੍ਰਾਮ ਪੰਚਾਇਤ ਟੌਂਸਾ ਵੱਲੋਂ ਵਿਕਾਸ ਦੇ ਕੰਮਾਂ ਨੂੰ ਇਮਾਨਦਾਰੀ ਨਾਲ ਨੇਪਰੇ ਚਾੜ੍ਹਨਾ ਸ਼ਲਾਘਾਯੋਗ ਕਦਮ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਕੰਢੀ ਸੰਘਰਸ਼ ਕਮੇਟੀ ਪੰਜਾਬ ਨੇ ਬਲਵੀਰ ਸਿੰਘ ਸਰਪੰਚ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੀਤਾ। ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਨੇ ਇਕ ਸਾਲ ਵਿਚ 10 ਲੱਖ ਰੁਪਏ ਤੋਂ ਵੱਧ ਗਲੀਆਂ ਨਾਲੀਆਂ ਦਾ ਕੰਮ ਮੁਕੰਮਲ ਕੀਤਾ ਹੈ ਅਤੇ ਇਸ ਕੰਮ ਨੂੰ ਲੋਕਾਂ ਦੇ ਸਹਿਯੋਗ ਨਾਲ ਸਿਰੇ ਚੜ੍ਹਾਇਆ ਗਿਆ ਹੈ। ਉਨ੍ਹਾਂ ਪੰਚਾਇਤ ਦੇ ਕੰਮਾ ਵਿਚ ਰਾਜ ਸੱਤਾ ਦੇ ਬੇਲੋੜੇ ਦਖਲ ਨੂੰ ਮੰਦਭਾਗਾ ਦੱਸਦੇ ਹੋਏ ਸਮੂਹ ਨਗਰ ਨਿਵਾਸੀਆਂ ਵੱਲੋਂ ਏਕਤਾ ਦਾ ਸਬੂਤ ਦੇਣ ਲਈ ਵਧਾਈ ਦਿੱਤੀ। ਇਸ ਮੌਕੇ ਨਵੀਆਂ ਬਣ ਰਹੀਆਂ ਗਲੀਆਂ ਦੇ ਕੰਮ ਦਾ ਮੁਆਇਨਾ ਕਰਕੇ ਬਲਵੀਰ ਸਿੰਘ ਸਰਪੰਚ ਅਤੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਵਿਕਾਸ ਦੇ ਕੰਮਾ ਪਿੰਡਾਂ ਵਿਚ ਸਫਾਈ ਦਾ ਕੰਮ ਵਾਤਾਵਰਨ ਦੀ ਸ਼ੁੱਧਤਾ ਅਤੇ ਵਿਦਿਆ ਦੇ ਖੇਤਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਸੰਬਰ ਵਿਚ ਗਰਾਮ ਸਭਾ ਦਾ ਇਜਲਾਸ ਬੁਲਾਕੇ ਪਿੰਡ ਦੇ ਵਿਕਾਸ ਨਰੇਗਾ ਦੇ ਕੰਮ ਤੇ ਆਮਦਨ ਖਰਚ ਕੇ ਖੁਲ੍ਹੀ ਚਰਚਾ ਕੀਤੀ ਜਾਵੇਗੀ। ਇਸ ਮੌਕੇ ਪਿਆਰੋ ਦੇਵੀ ਪੰਚ, ਬੀਬੀ ਰਾਣੀ ਪੰਚ, ਸਵਰਨ ਸਿੰਘ, ਸ਼ਾਂਤੀ ਦੇਵੀ ਅਤੇ ਧੋਲਾ ਰਾਮ, ਹਨੀ ਚੌਧਰੀ, ਮੋਹਨ ਲਾਲ ਭਾਟੀਆ ਆਦਿ ਨੇ ਵਿਚਾਰ ਪੇਸ਼ ਕੀਤੇ।