ਪ੍ਰਦੀਪ ਭਨੋਟ, ਨਵਾਂਸ਼ਹਿਰ

ਦੇਰ ਰਾਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ 15 ਸੈਂਪਲਾਂ ਦੀਆਂ ਆਈਆਂ ਰਿਪੋਰਟਾਂ ਚੋਂ 3 ਸੈਂਪਲ ਕੋਰੋਨਾ ਪਾਜ਼ੇਟਿਵ ਪਾਏ ਗਏ ਜਦੋਂਕਿ 12 ਨੈਗੇਟਿਵ ਪਏ ਗਏ। ਸਿਵਲ ਸਰਜਨ ਡਾ. ਰਾਜਿੰਦਰ ਪਾਲ ਭਾਟੀਆ ਨੇ ਦੱਸਿਆ ਕਿ ਇਨ੍ਹਾਂ ਪਾਜ਼ੇਟਿਵ ਮਰੀਜ਼ਾਂ 'ਚ ਦੋ ਬਿਹਾਰ ਤੇ ਪੱਛਮੀ ਬੰਗਾਲ ਨਾਲ ਸਬੰਧਤ 26 ਤੋਂ 35 ਸਾਲ ਦੇ ਪਰਵਾਸੀ ਹਨ, ਜੋ ਕਿ ਲੜੋਆ ਵਿਖੇ ਆਏ ਹੋਏ ਸਨ। ਜਦੋਂਕਿ ਇਕ ਨਵਾਂਸ਼ਹਿਰ ਦੇ ਵਿਕਾਸ ਨਗਰ ਨਾਲ ਸਬੰਧਤ ਮਹਿਲਾ (23 ਸਾਲ) ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਵਿਚ ਕੋਰੋਨਾ ਨੂੰ ਲੈ ਕੇ ਜਾਗਰੂਕਤਾ ਆਉਣ ਲੱਗੀ ਹੈ ਅਤੇ ਲੋਕ ਖੁਦ ਹੀ ਆਪਣੇ ਬਾਹਰੋਂ ਆਉਣ ਬਾਰੇ ਦੱਸ ਕੇ ਆਪਣੇ ਟੈਸਟ ਕਰਵਾਉਣ ਨੂੰ ਤਰਜੀਹ ਦੇਣ ਲੱੱਗੇ ਹਨ। ਡਾ. ਭਾਟੀਆ ਅਨੁਸਾਰ ਦੇਰ ਰਾਤ ਤਿੰਨਾਂ ਮਰੀਜ਼ਾਂ ਦੀਆਂ ਰਿਪੋਰਟਾਂ ਅਤੇ ਬੀਤੀ ਸ਼ਾਮ ਜ਼ਿਲ੍ਹਾ ਹਸਪਤਾਲ ਵਿਖੇ ਟਰੂ ਨਾਟ ਮਸ਼ੀਨ 'ਤੇ ਕਰਵਾਏ ਟੈਸਟ 'ਚ ਪਾਜ਼ੇਟਿਵ ਪਾਏ ਗਏ, ਰਾਹੋਂ ਦੇ ਕੈਮਿਸਟ ਦੇ ਸੰਪਰਕ 'ਚ ਆਏ ਇਕ 65 ਸਾਲਾ ਵਿਅਕਤੀ ਦੇ ਮਾਮਲੇ ਤੋਂ ਬਾਅਦ, ਜ਼ਿਲ੍ਹੇ 'ਚ ਐਕਟਿਵ ਕੇਸਾਂ ਦੀ ਗਿਣਤੀ 29 ਹੋ ਗਈ ਹੈ। 29 ਐਕਟਿਵ ਕੇਸ ਪਟਿਆਲਾ ਅਤੇ ਅੰਮਿ੍ਤਸਰ ਰੈਫਰ ਕੀਤੇ ਦੋਵਾਂ ਕੇਸਾਂ ਨੂੰ ਮਿਲਾ ਕੇ ਹਨ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਭੈਅਭੀਤ ਹੋਣ ਦੀ ਬਜਾਏ ਇਸ ਬਿਮਾਰੀ ਨਾਲ ਸਬੰਧਤ ਲੱਛਣ ਪਾਏ ਜਾਣ 'ਤੇ ਤੁਰੰਤ ਨੇੜਲੇ ਸਰਕਾਰੀ ਹਸਪਤਾਲ 'ਚ ਸਥਾਪਿਤ ਫਲੂ ਕਾਰਨਰ 'ਤੇ ਜਾਣ ਲਈ ਸਲਾਹ ਦਿੱਤੀ ਹੈ ਤਾਂ ਜੋ ਸਮੇਂ ਸਿਰ ਟੈਸਟ ਕਰਵਾ ਕੇ ਬਿਮਾਰੀ ਦੀ ਪੁਸਟੀ ਹੋ ਸਕੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ 'ਚ ਕੰਟਰੋਲ ਰੂਮ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਕੋਵਿਡ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਸੁਝਾਈਆਂ ਤਿੰਨ ਮੁੱਖ ਸਾਵਧਾਨੀਆਂ ਜਿਨ੍ਹਾਂ 'ਚ ਘਰ ਤੋਂ ਬਾਹਰ ਨਿਕਲਣ ਵੇਲੇ ਮਾਸਕ ਦੀ ਵਰਤੋਂ, ਭੀੜ ਭਰੇ ਥਾਵਾਂ ਤੋਂ ਦੂਰ ਰਹਿ ਕੇ ਘੱਟੋ ਘੱਟ ਦੋ ਗਜ ਦੀ ਸਮਾਜਿਕ ਦੂਰੀ ਬਰਕਰਾਰ ਰੱਖਣਾ ਅਤੇ ਆਪਣੇ ਹੱਥਾਂ ਨੂੰ ਵਾਰ ਵਾਰ ਧੋਣਾ ਤੇ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਵਾਰ-ਵਾਰ ਛੂਹਣ ਤੋਂ ਪਰਹੇਜ਼ ਕਰਨਾ ਸ਼ਾਮਲ ਹਨ। ਇਸ ਦੀ ਲਾਜ਼ਮੀ ਪਾਲਣਾ ਕਰਨ।