ਪ੍ਰਦੀਪ ਭਨੋਟ, ਨਵਾਂਸ਼ਹਿਰ : ਮਿਸ਼ਨ ਫ਼ਤਹਿ ਤਹਿਤ ਲੋਕਾਂ ਨੂੰ ਕੋਰੋਨਾ ਮਹਾਮਾਰੀ ਪ੍ਰਤੀ ਜਾਗਰੂਕ ਕਰਨ ਲਈ ਸ਼ੁੱਕਰਵਾਰ ਨੂੰ ਜ਼ਿਲ੍ਹੇ ਭਰ 'ਚ ਆਂਗਨਵਾੜੀ ਵਰਕਰਾਂ ਨੇ ਜ਼ਿਲ੍ਹਾ ਪ੍ਰਰੋਗਰਾਮ ਅਫ਼ਸਰ ਗੁਰਚਰਨ ਸਿੰਘ ਅਗਵਾਈ 'ਚ ਖਾਸ ਮੁਹਿੰਮ ਵਿੱਢੀ। ਸੀਡੀਪੀਓ ਪੂਰਨ ਪੰਕਜ ਸ਼ਰਮਾ ਅਤੇ ਜਸਵਿੰਦਰ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਕੀਤੀਆਂ ਹਦਾਇਤਾਂ ਅਨੁਸਾਰ ਮਿਸ਼ਨ ਫ਼ਤਹਿ ਤਹਿਤ ਆਂਗਨਵਾੜੀ ਵਰਕਰਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਰਕਰਾਰ ਰੱਖਣ ਅਤੇ ਆਪਣੇ ਹੱਥ ਨੂ ਵਾਰ-ਵਾਰ ਧੋਣ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਘਰਾਂ ਜਿੱਥੇ 65 ਸਾਲ ਤੋਂ ਉੱਪਰ ਦੇ ਬਜ਼ੁਰਗ ਅਤੇ 10 ਸਾਲ ਤੋਂ ਘੱਟ ਦੇ ਬੱਚੇ, ਗਰਭਵਤੀ ਅੌਰਤਾਂ ਅਤੇ ਪੁਰਾਣੀਆਂ ਬਿਮਾਰੀਆਂ ਨਾਲ ਪੀੜਤ ਮੌਜੂਦ ਸਨ, ਨੂੰ ਕੋਵਿਡ ਦੌਰਾਨ ਘਰ ਤੋਂ ਬਹੁਤ ਹੀ ਜ਼ਰੂਰੀ ਹਾਲਤਾਂ 'ਚ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ। ਜ਼ਿਕਰਯੋਗ ਹੈ ਕਿ ਆਂਗਨਵਾੜੀ ਵਰਕਰਾਂ ਕੋਵਿਡ-19 ਖ਼ਿਲਾਫ਼ ਜੰਗ ਦੀ ਸ਼ੁਰੂਆਤ ਤੋਂ ਹੀ ਜ਼ਿਲ੍ਹੇ 'ਚ ਮਹੱਤਵਪੂਰਣ ਭੂਮਿਕਾ ਨਿਭਾਅ ਰਹੀਆਂ ਹਨ। ਉਨ੍ਹਾਂ ਵੱਲੋਂ ਸ਼ੁਰੂਆਤੀ ਤੌਰ 'ਤੇ ਵਿਦੇਸ਼ ਤੋਂ ਪਰਤੇ ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕਰਨ 'ਚ ਜਿੱਥੇ ਮੋਹਰੀ ਭੂਮਿਕਾ ਨਿਭਾਈ ਗਈ, ਉੱਥੇ ਲਾਕਡਾਊਨ 'ਚ ਮਿਲੀਆਂ ਛੋਟਾਂ ਅਤੇ ਅਨਲਾਕ ਪ੍ਰਕਿਰਿਆ ਦੌਰਾਨ ਬਾਹਰਲੇ ਸੂਬਿਆਂ ਤੋਂ ਜ਼ਿਲ੍ਹੇ ਦੇ ਕਿਸੇ ਵੀ ਪਿੰਡ 'ਚ ਆਉਣ ਵਾਲੇ ਵਿਅਕਤੀਆਂ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰੰਤਰ ਸੂਚਨਾ ਦਿੱਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਇਨ੍ਹਾਂ ਆਂਗਨਵਾੜੀ ਵਰਕਰਾਂ ਨੂੰ ਕੋਵਿਡ ਖ਼ਿਲਾਫ਼ ਲੜਾਈ ਦੀਆਂ ਜੰਗਜੂ ਕਰਾਰ ਦਿੰਦਿਆਂ ਕਿਹਾ ਕਿ ਅਸਲ ਲੜਾਈ ਜ਼ਮੀਨ 'ਤੇ ਲੜੀ ਜਾਂਦੀ ਹੈ ਅਤੇ ਇਹ ਵਰਕਰਾਂ ਸਾਡੀਆਂ 'ਫਰੰਟ ਸੋਲਜਰ' ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਇਨ੍ਹਾਂ ਆਂਗਨਵਾੜੀ ਵਰਕਰਾਂ ਦੀਆਂ ਜ਼ਿਲ੍ਹਾ ਪ੍ਰਰੋਗਰਾਮ ਅਫ਼ਸਰ ਰਾਹੀਂ ਆਉਂਦੀਆਂ ਰਿਪੋਰਟਾਂ ਦਾ ਜਦੋਂ ਉਹ ਮੁਲਾਂਕਣ ਕਰਦੇ ਹਨ ਤਾਂ ਇਸ ਗੱਲ 'ਚ ਮਾਣ ਮਹਿਸੂਸ ਕਰਦੇ ਹਨ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਪੰਜਾਬ ਦੇ ਹੋਰਨਾਂ ਜ਼ਿਲਿ੍ਹਆਂ ਦੇ ਮੁਕਾਬਲੇ ਲੋਕਾਂ ਨੂੰ ਇਸ ਮਹਮਾਰੀ ਤੋਂ ਬਚਾਉਣ 'ਚ ਇਨ੍ਹਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਫ਼ਤਹਿ 'ਚ ਜਿਸ ਤਰ੍ਹਾਂ ਜ਼ਿਲ੍ਹੇ ਦੇ ਸਾਰੇ ਵਿਭਾਗ ਸਿਰ ਜੋੜ ਕੇ ਕੰਮ ਕਰ ਰਹੇ ਹਨ, ਉਸ ਤੋਂ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਇਸ ਬਿਮਾਰੀ ਤੋਂ ਜਲਦ ਮੁਕਤ ਹੋਣ 'ਚ ਸਫ਼ਲਤਾ ਪ੍ਰਰਾਪਤ ਕਰ ਲਵੇਗਾ।