ਸੈਂਪਲੇ ਸਰਹਾਲ ਕਾਜ਼ੀਆਂ, ਬਹਿਰਾਮ : ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਇਕ ਮੀਟਿੰਗ ਬਹਿਰਾਮ ਵਿਖੇ ਕੀਤੀ ਗਈ। ਮੀਟਿੰਗ ਵਿਚ ਜੱਸੀ ਤੱਲਣ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਨੇ ਕਿਹਾ ਕਿ ਸਮੂਹ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤ ਆਉਣ ਵਾਲੀ 2021 ਦੀ ਜਨਗਣਨਾ 'ਚ ਆਪਣਾ ਧਰਮ ਰਵਿਦਾਸੀਆ ਦਰਜ ਕਰਵਾਉਣ, ਤਾਂ ਜੋ ਕੌਮੀ ਪੱਧਰ 'ਤੇ ਰਵਿਦਾਸੀਆ ਧਰਮ ਨੂੰ ਮਾਨਤਾ ਮਿਲ ਸਕੇ। ਉਨ੍ਹਾਂ ਕਿਹਾ ਕਿ ਰਵਿਦਾਸੀਆ ਧਰਮ ਦੇ ਲੋਕਾਂ ਦੀ ਪੰਜਾਬ 'ਚ ਜ਼ਿਆਦਾ ਗਿਣਤੀ ਹੋਣ ਕਾਰਨ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਸਾਰੇ ਰਲ ਕੇ ਇਸ ਮੰਗ ਨੂੰ ਅੱਗੇ ਲੈ ਕੇ ਜਾਈਏ। ਇਸ ਦੌਰਾਨ ਸਤਪਾਲ ਸਾਹਲੋਂ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਨਵਾਂਸ਼ਹਿਰ ਨੇ ਕਿਹਾ ਕਿ ਇਸ ਸਬੰਧੀ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਜਲਦ ਹੀ ਪੂਰੇ ਪੰਜਾਬ ਵਿਚ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਡੀਸੀ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤੇ ਜਾਣਗੇ। ਇਸ ਮੌਕੇ ਗਿਆਨੀ ਉਂਕਾਰ ਸਿੰਘ ਗੜ੍ਹਪਧਾਣਾ, ਲਾਲੀ ਬਹਿਰਾਮ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਅੰਮਿ੍ਤਬਾਣੀ ਵਰਲਡ ਵਾਈਡ ਆਰਗੇਨਾਈਜੇਸ਼ਨ, ਰੂਪ ਲਾਲ ਮਕਬੂਲ, ਯਸ਼ ਬਰਨਾ ਜਨਰਲ ਸਕੱਤਰ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ, ਕੁਲਵਿੰਦਰ ਫਗਵਾੜਾ ਆਦਿ ਵੀ ਹਾਜ਼ਰ ਸਨ।