ਹਰਜਿੰਦਰ ਕੌਰ ਚਾਹਲ, ਬੰਗਾ : ਦੇਸ਼ ਵਿਚ ਕੋਰੋਨਾ ਵਾਰਸ ਦੀ ਮਹਾਮਾਰੀ ਕਾਰਨ ਲਗੇ ਕਰਫਿਊ ਕਾਰਨ ਕਈ ਪਰਿਵਾਰਾਂ ਨੂੰ ਖਾਣ ਨੂੰ ਰੋਟੀ ਨਹੀਂ ਮਿਲ ਰਹੀ। ਦੁੱਖ ਦੀ ਇਸ ਘੜੀ 'ਚ ਐੱਸਐੱਸ ਜੈਨ ਸਭਾ ਬੰਗਾ ਅਤੇ ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਬੰਗਾ ਵੱਲੋਂ ਭਗਵਾਨ ਮਹਾਵੀਰ ਦੇ ਜਨਮ ਦਿਹਾੜੇ ਮੌਕੇ ਜ਼ਰੂਰਤਮੰਦ 400 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਦੌਰਾਨ ਬੰਗਾ ਦੇ ਉਪ ਮੰਡਲ ਅਫ਼ਸਰ ਗੌਤਮ ਜੈਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ ਸਭਾ ਦੇ ਮਹਾਂਮੰਤਰੀ ਰੋਹਿਤ ਜੈਨ ਨੇ ਦੱਸਿਆ ਕਿ ਭਗਵਾਨ ਮਹਾਵੀਰ ਨੇ ਕਿਹਾ ਹੈ ਕਿ ਬੇਸਹਾਰਿਆਂ ਨੂੰ ਸਹਾਰਾ ਦੇਕੇ ਉਨ੍ਹਾਂ ਦਾ ਜੀਵਨ ਸੁੱਖੀ ਬਣਾਉਣਾ ਇਕ ਸਚੀ ਭਗਤੀ ਹੈ। ਉਨ੍ਹਾਂ ਕਿਹਾ ਕਿ ਭਗਵਾਨ ਮਹਾਵੀਰ ਨੇ ਆਪਣੇ ਉਦੇਸ਼ਾਂ 'ਚ ਦੱਸਿਆ ਕਿ ਬਿਮਾਰੀ ਅਤੇ ਮਹਾਮਾਰੀ ਨੂੰ ਛੋਟਾ ਨਾ ਸਮਝੋ ਅਤੇ ਇਨਸਾਨ ਨੂੰ ਆਪਣੇ ਜੀਵਨ 'ਚ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਅੱਜ ਉਨ੍ਹਾਂ ਦੇ ਦੱਸੇ ਉਪਦੇਸ਼ਾਂ ਅਨੁਸਾਰ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ ਹੈ। ਇਸ ਮੌਕੇ ਐਡਵੋਕੇਟ ਸੁਧੀਰ ਜੈਨ, ਉਮੇਸ਼ ਜੈਨ, ਰਾਹੁਲ ਜੈਨ, ਬਲਦੇਵ ਸਿੰਘ, ਵਿਜੇ ਕੁਮਾਰ, ਅਨਿਲ ਜੈਨ, ਬਾਵਾ ਜੈਨ ਅਤੇ ਸੁਭਾਸ਼ ਜੈਨ ਵੀ ਹਾਜ਼ਰ ਸਨ।