ਪ੍ਰਦੀਪ ਭਨੋਟ, ਨਵਾਂਸ਼ਹਿਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀਰਵਾਰ ਨੂੰ ਇਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਜ਼ਿਲ੍ਹੇ ਦੇ ਸਮਾਜਿਕ ਸੁਰੱਖਿਆ ਵਿਭਾਗ ਨਾਲ ਸਬੰਧਤ ਪੇਂਡੂ ਖੇਤਰ ਦੇ ਪੈਨਸ਼ਨ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਪਿੰਡਾਂ 'ਚ ਹੀ ਬੈਂਕਾਂ ਦੇ ਕੰਮ ਕਰ ਰਹੇ ਵਪਾਰਕ ਪ੍ਰਤੀਨਿਧੀਆਂ ਰਾਹੀਂ ਪੈਨਸ਼ਨ ਵੰਡਾਉਣ ਦਾ ਨਿਰਣਾ ਲਿਆ। ਜਦੋਂ ਕਿ ਸ਼ਹਿਰੀ ਖੇਤਰਾਂ 'ਚ ਬੈਂਕਾਂ ਦੀ ਬਰਾਂਚਾਂ 'ਚੋਂ ਸਵੇਰੇ 8 ਤੋਂ 11 ਵਜੇ ਤੱਕ ਪੈਨਸ਼ਨ ਮਿਲੇਗੀ। ਸ਼ਹਿਰੀ ਖੇਤਰਾਂ ਦੀਆਂ ਬੈਂਕ ਬ੍ਾਂਚਾਂ 'ਚ ਆਉਣ ਵਾਲੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਬੈਂਕ ਅੱਗੇ ਲਾਈਨਾਂ ਨਾ ਲਾਉਣ ਅਤੇ ਕੋਵਿਡ-19 ਦੇ ਮੱਦੇਨਜ਼ਰ 'ਇਕ ਮੀਟਰ ਦੇ ਫ਼ਾਸਲੇ' ਨੂੰ ਲਾਜ਼ਮੀ ਬਣਾਉਣ ਲਈ ਵਾਰੋ-ਵਾਰੀ ਬੈਂਕਾਂ 'ਚ ਜਾਣ। ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐੱਮਐੱਲ ਗਰਗ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ ਨਾਲ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਦੀ ਰੋਕਥਾਮ ਲਈ ਲਾਏ ਕਰਿਫ਼ਊ ਦੇ ਮੱਦੇਨਜ਼ਰ ਬਜ਼ੁਰਗਾਂ ਨੂੰ ਰਾਹਤ ਦੇਣ ਲਈ ਪਿੰਡਾਂ 'ਚ ਸਥਿਤ ਬੈਂਕਾਂ ਦੇ ਵਪਾਰਕ ਪ੍ਰਤੀਨਿਧਾਂ ਰਾਹੀਂ ਪੈਨਸ਼ਨ ਵੰਡ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਨਵਾਂਸ਼ਹਿਰ, ਬੰਗਾ, ਬਲਾਚੌਰ ਅਤੇ ਰਾਹੋਂ ਦੇ ਸ਼ਹਿਰੀ ਇਲਾਕਿਆਂ 'ਚ ਪੈਨਸ਼ਨ ਬੈਂਕਾਂ ਰਾਹੀਂ ਸਵੇਰੇ 8 ਤੋਂ 11 ਵਜੇ ਦੇ ਪਬਲਿਕ ਡੀਲਿੰਗ ਸਮੇਂ 'ਚ ਮਿਲੇਗੀ। ਇਸ ਤੋਂ ਇਲਾਵਾ ਜਿਨ੍ਹਾਂ ਲਾਭਪਾਤਰੀਆਂ ਦੇ ਬੈਂਕ ਖਾਤੇ ਆਧਾਰ ਨੰਬਰ ਨਾਲ ਜੁੜੇ ਹੋਏ ਹਨ, ਉਹ ਨੇੜਲੇ ਡਾਕਘਰ 'ਚੋਂ ਵੀ ਪੈਨਸ਼ਨ ਹਾਸਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵੱਲੋਂ ਜ਼ਿਲ੍ਹੇ ਦੇ ਵਿਭਾਗ ਨਾਲ ਸਬੰਧਤ ਲਾਭਪਾਤਰੀਆਂ ਦੇ ਖਾਤਿਆਂ 'ਚ ਜਨਵਰੀ ਤੇ ਫ਼ਰਵਰੀ ਮਹੀਨੇ ਦੀ ਪੈਨਸ਼ਨ ਦੀ ਰਾਸ਼ੀ ਭੇਜੀ ਜਾ ਚੁੱਕੀ ਹੈ। ਜਨਵਰੀ ਮਹੀਨੇ ਦੀ ਪੈਨਸ਼ਨ 62729 ਅਤੇ ਫ਼ਰਵਰੀ ਮਹੀਨੇ ਦੀ ਪੈਨਸ਼ਨ 63237 ਲਾਭਪਾਤਰੀਆਂ ਦੇ ਖਾਤਿਆਂ 'ਚ ਭੇਜੀ ਗਈ ਹੈ। ਇਨ੍ਹਾਂ ਦੋਵਾਂ ਮਹੀਨਿਆਂ ਦੀ ਕੁੱਲ ਰਾਸ਼ੀ 94474500 ਬਣਦੀ ਹੈ।