ਲੇਖ ਰਾਜ ਕੁਲਥਮ, ਬਹਿਰਾਮ : ਸਰਕਾਰ ਵੱਲੋਂ ਕਰਫਿਊ ਦੌਰਾਨ ਘਰਾਂ ਅੰਦਰ ਬੰਦ ਲੋੜਵੰਦ ਪਰਿਵਾਰਾਂ ਅਤੇ ਮਜ਼ਦੂਰਾਂ ਲਈ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਲਾਕਡਾਊਨ ਦੌਰਾਨ ਕੋਈ ਮੁਸ਼ਕਲ ਨਾ ਪੇਸ਼ ਆਵੇ। ਸਰਕਾਰ ਵੱਲੋਂ ਕੀਤਾ ਜਾ ਰਿਹਾ ਹਰ ਉਪਰਾਲਾ ਕਾਫ਼ੀ ਹੱਦ ਤਕ ਠੀਕ ਚੱਲ ਰਿਹਾ ਹੈ। ਪਰ ਫਿਰ ਵੀ ਜ਼ਿਲ੍ਹੇ ਦੇ ਕੁਝ ਪਿੰਡਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨਹੀਂ ਮਿਲ ਰਹੀਆਂ। ਇਸੇ ਲੜੀ ਤਹਿਤ ਪਿੰਡ ਚੱਕਗੁਰੁ ਦੇ ਵਾਸੀਆਂ ਨੇ ਦੱਸਿਆ ਕਿ ਸਾਡੇ ਪਿੰਡ ਵਿਚ ਸਿਰਫ ਕਰੀਬ 20 ਘਰਾਂ ਨੂੰ ਹੁਣ ਤੱਕ ਰਾਸ਼ਨ ਮਿਲਿਆ ਹੈ ਅਤੇ ਪਿੰਡ ਦੇ ਬਾਕੀ ਮਜ਼ਦੂਰਾਂ ਦੀ ਅਜੇ ਤੱਕ ਕਿਸੇ ਨੇ ਕੋਈ ਸਾਰ ਨਹੀਂ ਲਈ। ਜਦੋਂ ਕਿ ਸਰਕਾਰ ਤਾਂ ਵੱਡੇ-ਵੱਡੇ ਦਆਬੇ ਕਰ ਰਹੀ ਹੈ ਕਿ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਿੱਥੇ ਕੋਰੋਨਾ ਵਾਇਰਸ ਬਿਮਾਰੀ ਦਾ ਡਰ ਹੈ, ਉੱਥੇ ਹੀ ਉਨ੍ਹਾਂ ਲਈ ਭੁੱਖ ਵੱਡਾ ਡਰ ਬਣ ਗਈ ਹੈ। ਉਨ੍ਹਾਂ ਕਿਹਾ ਕਿ 21 ਦਿਨਾਂ ਦਾ ਲਾਕ-ਡਾਊਨ ਗ਼ਰੀਬ ਮਜ਼ਦੂਰਾਂ ਲਈ ਪ੍ਰਰਰੇਸ਼ਾਨੀ ਬਣਦਾ ਜਾ ਰਿਹਾ ਹੈ। ਪਰ ਸਰਕਾਰ ਸਿਰਫ਼ ਖ਼ਾਨਾਪੂਰਤੀ ਕਰਨ ਲਈ ਰਾਸ਼ਨ ਦੀ ਕਾਣੀ ਵੰਡ ਕਰ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਵਿਚ ਜਲਦੀ ਹੀ ਸਾਰੇ ਗਰੀਬਾਂ ਮਜ਼ਦੂਰਾਂ ਨੂੰ ਰਾਸ਼ਨ ਦਿੱਤਾ ਜਾਵੇ।