ਜੋਲੀ ਸੂਦ, ਮੋਰਿੰਡਾ : ਪੰਜਾਬ ਸਰਕਾਰ ਵੱਲੋਂ ਅਕਸਰ ਵਿਕਾਸ ਕਾਰਜਾਂ ਨੂੰ ਲੈ ਕੇ ਪੁੱਛੇ ਜਾਦੇ ਸਵਾਲਾਂ 'ਚ ਸਰਕਾਰੀ ਖਜ਼ਾਨਾ ਖਾਲੀ ਹੋਣ ਦੀ ਗੱਲ ਕੀਤੀ ਜਾਂਦੀ ਹੈ ਪਰ ਟੈਕਸ ਨਾ ਭਰਕੇ ਜੋ ਖਜ਼ਾਨੇ ਨੂੰ ਚੂਨਾ ਲਗਾ ਰਹੇ ਹਨ, ਉਨ੍ਹਾਂ ਪ੍ਰਤੀ ਸਰਕਾਰ ਅਤੇ ਪ੍ਰਸ਼ਾਸਨ ਦਾ ਰਵੱਈਆ ਨਰਮ ਕਿਉਂ ਹੈ, ਇਹ ਵੱਡਾ ਸਵਾਲ ਹੈ। ਜੇਕਰ ਗੱਲ ਸਿਰਫ ਮੋਰਿੰਡਾ ਸ਼ਹਿਰ ਦੀ ਕੀਤੀ ਜਾਵੇ ਤਾਂ ਸ਼ਹਿਰ 'ਚ ਅਨੇਕਾਂ ਹੋਟਲ ਅਤੇ ਢਾਬੇ ਹਨ ਜੋ ਬਿਨ੍ਹਾਂ ਸਰਕਾਰੀ ਲਾਇਸੈਂਸ ਲਏ ਸ਼ਰੇਆਮ ਸ਼ਰਾਬ ਪਿਆ ਰਹੇ ਹਨ। ਜਦਕਿ ਲਾਇਸੈਂਸ ਲੈਣ ਲਈ ਵਿਭਾਗ ਕੋਲ ਫੀਸ ਜਮਾਂ ਕਰਨੀ ਹੁੰਦੀ ਹੈ। ਜਾਣਕਾਰੀ ਅਨੁਸਾਰ ਐਕਸਾਈਜ਼ ਵਿਭਾਗ ਵੱਲੋਂ ਮੋਰਿੰਡਾ ਸ਼ਹਿਰ 'ਚ ਸ਼ਰਾਬ ਪਿਲਾਉਣ ਲਈ ਇਕ ਜਾਂ 2 ਹੋਟਲਾਂ/ਢਾਬਿਆਂ ਨੂੰ ਮਨਜ਼ੂਰੀ ਮਿਲੀ ਹੋਈ ਹੈ, ਪਰ ਮੋਰਿੰਡਾ 'ਚ ਅਨੇਕਾਂ ਹੋਟਲਾਂ ਤੇ ਢਾਬਿਆਂ 'ਚ ਸ਼ਰੇਆਮ ਗੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਪਿਲਾਈ ਜਾ ਰਹੀ ਹੈ। ਸ਼ਨਿਚਰਵਾਰ ਤੇ ਐਤਵਾਰ ਨੂੰ ਹੋਟਲਾਂ 'ਚ ਵਿਆਹ, ਸ਼ਾਦੀਆਂ ਤੇ ਹੋਰ ਸਮਾਗਮਾਂ 'ਚ ਸ਼ਰਾਬ ਪਿਲਾਉਣ ਦਾ ਕੰਮ ਜ਼ਿਆਦਾ ਹੁੰਦਾ ਹੈ, ਜਦਕਿ ਐਕਸਾਈਜ਼ ਵਿਭਾਗ ਦੇ ਅਧਿਕਾਰੀ ਇਸ ਨੂੰ ਅਣਦਿੱਖਾ ਕਰ ਰਹੇ ਹਨ।

ਇਸੇ ਤਰ੍ਹਾਂ ਸਰਕਾਰੀ ਅਹਾਤਿਆਂ ਤੋਂ ਇਲਾਵਾ ਰਹੇੜੀਆਂ ਤੇ ਢਾਬਿਆਂ 'ਚ ਨਾਜਾਇਜ਼ ਤੌਰ 'ਤੇ ਸ਼ਰਾਬ ਪਿਲਾਉਣ ਦਾ ਕਾਰੋਬਾਰ ਚੱਲ ਰਿਹਾ ਹੈ। ਇਸ ਬਾਰੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਸੁਖਜੀਤ ਸਿੰਘ ਨੇ ਕਿਹਾ ਜੇਕਰ ਸ਼ਹਿਰ 'ਚ ਬਿਨ੍ਹਾਂ ਲਾਇਸੈਂਸ ਤੋਂ ਕੋਈ ਸ਼ਰਾਬ ਪਿਲਾਉਂਦਾ ਹੈ ਤਾਂ ਉਸ ਦੇ ਵਿਰੁੱਧ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ।