ਪ੍ਰਦੀਪ ਭਾਰਦਵਾਜ, ਨਵਾਂਸ਼ਹਿਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ ਲਾਕਡਾਊਨ ਦੇ ਮੱਦੇਨਜ਼ਰ ਆਪਣੇ ਰਾਜਾਂ ਨੂੰ ਜਾਣ ਦੇ ਚਾਹਵਾਨ ਪਰਵਾਸੀਆਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਹੂਲਤ ਤਹਿਤ ਸ਼ਨੀਵਾਰ ਨੂੰ ਜ਼ਿਲ੍ਹੇ 'ਚੋਂ 85 ਵਿਅਕਤੀਆਂ ਨੂੰ ਪਟਿਆਲਾ ਰੇਲਵੇ ਸਟੇਸ਼ਨ ਤੋਂ ਫ਼ੈਜ਼ਾਬਾਦ ਜਾਣ ਵਾਲੀ ਟ੍ਰੇਨ ਲਈ ਰਵਾਨਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਡੀਐੱਮ ਜਗਦੀਸ਼ ਸਿੰਘ ਜੌਹਲ ਨੇ ਦੱਸਿਆ ਕਿ ਇਨ੍ਹਾਂ ਵਿਚ 72 ਵਿਅਕਤੀਆਂ ਨੂੰ ਨਵਾਂਸ਼ਹਿਰ ਤੋਂ ਅਤੇ 13 ਵਿਅਕਤੀਆਂ ਨੂੰ ਬੰਗਾ ਤੋਂ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਸਰਕਾਰ ਵੱਲੋਂ ਮੁਫ਼ਤ ਟ੍ਰੇਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਸੇ ਤਰ੍ਹਾਂ ਇਨ੍ਹਾਂ ਨੂੰ ਰੇਲਵੇ ਸਟੇਸ਼ਨ ਤਕ ਲਿਜਾਣ ਦਾ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਫ਼ਤ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ ਵੀ ਹਾਜ਼ਰ ਸਨ।