ਪੱਤਰ ਪੇ੍ਰਰਕ, ਨਵਾਂਸ਼ਹਿਰ : ਅੱਜ ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਵਿਚ ਸੂਬਾ ਕਮੇਟੀ ਦੇ ਕਈ ਪੋ੍ਗਰਾਮ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਤੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਨੇ ਸਾਂਝੇ ਤੌਰ 'ਤੇ ਆਖਿਆ ਕਿ ਕਿਹਾ ਕਿ ਏਆਈਕੇਐੱਮਐੱਸ ਦੇ ਕੌਮੀ ਜਨਰਲ ਸਕੱਤਰ ਅਸੀਸ਼ ਮਿੱਤਲ 'ਤੇ ਯੂਪੀ ਸਰਕਾਰ ਵੱਲੋਂ ਝੂਠਾ ਪਰਚਾ ਦਰਜ ਕਰਨ ਵਿਰੁੱਧ 20 ਜੂਨ ਨੂੰ ਡੀਸੀ ਦਫ਼ਤਰ ਨਵਾਂਸ਼ਹਿਰ ਅੱਗੇ ਰੋਸ ਮੁਜ਼ਾਹਰਾ ਕਰਕੇ ਪਰਚਾ ਰੱਦ ਕਰਨ ਸਬੰਧੀ ਮੰਗ ਪੱਤਰ ਦਿੱਤਾ ਜਾਵੇਗਾ। 16 ਜੂਨ ਨੂੰ ਨਵਾਂਸ਼ਹਿਰ ਦਾਣਾ ਮੰਡੀ ਮੂੰਗੀ ਅਤੇ ਮੱਕੀ ਦੀ ਖਰੀਦ ਲਈ ਇਕੱਠੇ ਹੋ ਕੇ ਬਿਨਾਂ ਸ਼ਰਤ ਖਰੀਦ ਸਬੰਧੀ 22 ਕਿਸਾਨ ਜਥੇਬੰਦੀਆਂ ਦੇ ਸਾਂਝੇ ਫਰੰਟ ਵੱਲੋਂ ਮੰਗ ਪੱਤਰ ਸਾਂਝੇ ਤੌਰ 'ਤੇ ਦਿੱਤੇ ਜਾਣਗੇ। ਉਨਾਂ੍ਹ ਕਿਹਾ ਕਿ ਪੰਚਾਇਤੀ ਜਮੀਨਾਂ ਤੋਂ ਕਬਜੇ ਛੁਡਾਉਣ ਦੇ ਨਾਂਅ ਹੇਠ ਆਬਾਦਕਾਰ ਕਿਸਾਨਾਂ ਦੇ ਉਜਾੜੇ ਖਿਲਾਫ਼ ਕਿਸਾਨਾਂ ਨੂੰ ਲਾਮਬੰਦ ਕਰਕੇ ਸਥਾਨਕ ਹਾਲਤਾਂ ਅਨੁਸਾਰ ਸੰਘਰਸ਼ ਲੜਿਆ ਜਾਵੇਗਾ। 28 ਜੂਨ ਨੂੰ ਨਹਿਰੀ ਪ੍ਰਣਾਲੀ ਠੀਕ ਕਰਕੇ ਪਾਣੀ ਹਰੇਕ ਖੇਤ ਤੱਕ ਪਹੁੰਚਾਉਣ ਦਾ ਪ੍ਰਬੰਧ ਕਰਵਾਉਣ/ ਨਹਿਰਾਂ ਸਾਰਾ ਸਾਲ ਚਲਾਉਣ ਅਤੇ ਦਰਿਆਵਾਂ 'ਚ ਪੈਂਦੇ ਜਹਿਰੀਲੇ ਮਾਦੇ ਨੂੰ ਬੰਦ ਕਰਵਾਉਣ ਲਈ ਚੰਡੀਗੜ੍ਹ ਵਿਖੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਸੂਬਾ ਪੱਧਰੀ ਮੁਜਾਹਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ 25 ਜੂਨ ਨੂੰ ਦੇਸ਼ ਭਗਤ ਹਾਲ ਜਲੰਧਰ ਵਿਚ ਪਾਣੀਆਂ ਦੇ ਮਸਲੇ ਤੇ 22 ਕਿਸਾਨ ਜਥੇਬੰਦੀਆਂ ਦੇ ਸਾਂਝੇ ਫਰੰਟ ਵੱਲੋਂ ਕਨਵੈਨਸ਼ਨ ਕੀਤੀ ਜਾ ਰਹੀ ਹੈ। ਜਿਸ ਵਿਚ ਜ਼ਿਲ੍ਹੇ ਵਿਚੋਂ ਕਿਰਤੀ ਕਿਸਾਨ ਯੂਨੀਅਨ ਦੇ ਵਰਕਰ ਵੀ ਸ਼ਮੂਲੀਅਤ ਕਰਨਗੇ। ਇਸ ਮੌਕੇ ਮੱਖਣ ਸਿੰਘ ਭਾਨਮਜਾਰਾ, ਸੁਰਿੰਦਰ ਸਿੰਘ ਮਹਿਰਮਪੁਰ, ਰਘਵੀਰ ਸਿੰਘ ਅਸਮਾਨਪੁਰ, ਸੋਹਣ ਸਿੰਘ ਅਟਵਾਲ, ਮੇਜਰ ਸਿੰਘ ਅਸਮਾਨਪੁਰ, ਪਰਮਜੀਤ ਸਿੰਘ ਸ਼ਹਾਬਪੁਰ, ਬਚਿੱਤਰ ਸਿੰਘ ਮਹਿਮੂਦਪੁਰ, ਬਿੱਕਰ ਸਿੰਘ ਸ਼ੇਖੂਪੁਰ ਬਾਗ, ਅਵਤਾਰ ਸਿੰਘ ਉੜਾਪੜ, ਕਰਨੈਲ ਸਿੰਘ ਉੜਾਪੜ, ਰਾਣਾ ਰਾਮਜੀ ਦਾਸ ਆਦਿ ਵੀ ਹਾਜ਼ਰ ਸਨ।