ਪ੍ਰਦੀਪ ਭਨੋਟ, ਨਵਾਂਸ਼ਹਿਰ

ਅੱਜ ਕਿਰਤੀ ਕਿਸਾਨ ਯੂਨੀਅਨ ਦਾ ਜਥਾ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਵੜੈਚ ਦੀ ਅਗਵਾਈ ਵਿਚ ਦਿੱਲੀ ਲਈ ਰਵਾਨਾ ਹੋਇਆ। ਵੜੈਚ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਦੇਸ਼ ਵਿਆਪੀ ਘੋਲ ਨੂੰ ਢਾਹ ਲਾਉਣ ਲਈ ਡੂੰਘੀਆਂ ਸਾਜਿਸ਼ਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਸਿੰਘੂ ਬਾਰਡਰ 'ਤੇ ਨਿਹੰਗ ਸਿੰਘਾਂ ਵੱਲੋਂ ਲਖਵੀਰ ਸਿੰਘ ਨਾਂਅ ਦੇ ਵਿਅਕਤੀ ਦਾ ਕਤਲ ਵੀ ਇਸ ਸਾਜਿਸ਼ ਦਾ ਹਿੱਸਾ ਹੈ। ਜਿਸਦੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਇਹ ਕਿਸਾਨੀ ਮੋਰਚੇ ਨੂੰ ਢਾਹ ਲਾਉਣ ਦੀ ਬਹੁਤ ਵੱਡੀ ਸਾਜਿਸ਼ ਸੀ। ਉਨਾਂ੍ਹ ਕਿਹਾ ਕਿ ਮੌਜੂਦਾ ਕਿਸਾਨੀ ਘੋਲ ਸਿਰਫ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸੀਮਤ ਨਹੀਂ ਹੈ। ਇਹ ਕੇਂਦਰ ਸਰਕਾਰ ਦੇ ਫਾਸ਼ੀਵਾਦ, ਸਰਕਾਰ ਅਤੇ ਦੇਸੀ ਵਿਦੇਸ਼ੀ ਕਾਰਪੋਰੇਟਰਾਂ ਦੇ ਗੱਠਜੋੜ ਦੇ ਵਿਰੁੱਧ ਵੀ ਤਿੱਖਾ ਅਤੇ ਭਾਰਤੀ ਤੰਤਰ ਦੀਆਂ ਜੜਾਂ੍ਹ ਹਿਲਾਉਣ ਵਾਲਾ ਘੋਲ ਵੀ ਹੈ। ਉਨਾਂ੍ਹ ਕਿਹਾ ਕਿ ਇਹ ਘੋਲ ਹਰ ਹਾਲਤ ਵਿਚ ਜੇਤੂ ਹੋ ਕੇ ਨਿਕਲੇਗਾ ਅਤੇ ਕੇਂਦਰ ਸਰਕਾਰ ਦੀ ਹਾਰ ਯਕੀਨੀ ਹੈ। ਇਸ ਜਥੇ ਵਿਚ ਕੁਲਦੀਪ ਸਿੰਘ ਛੋਕਰ, ਕਰਨੈਲ ਸਿੰਘ ਮੌਲਾ, ਹਰਵਿੰਦਰ ਸਿੰਘ ਉੜਾਪੜ, ਸੋਹਣ ਸਿੰਘ ਅਟਵਾਲ, ਬਲਵਿੰਦਰ ਸਿੰਘ ਲੰਗੜੋਆ, ਦੀਪਾ ਬਘੌਰਾਂ ਵੀ ਸ਼ਾਮਲ ਸਨ। ਇਸ ਜਥੇ ਨੂੰ ਜਗਤਾਰ ਸਿੰਘ ਜਾਡਲਾ, ਜਸਵੀਰ ਸਿੰਘ ਮਹਾਲੋਂ ਨੇ ਰਵਾਨਾ ਕੀਤਾ।