ਪ੍ਰਦੀਪ ਭਨੋਟ,ਨਵਾਂਸ਼ਹਿਰ : ਪਿਛਲੇ ਦੋ ਦਿਨਾਂ ਤੋਂ ਹੋਈ ਬਾਰਸ਼ ਹਾੜ੍ਹੀ ਦੀ ਫ਼ਸਲ ਖ਼ਾਸ ਕਰਕੇ ਕਣਕ ਵਾਸਤੇ ਜਿੱਥੇ ਵਰਦਾਨ ਹੈ, ਉੱਥੇ ਹੀ ਸਬਜ਼ੀਆਂ ਅਤੇ ਫੁੱਲਾਂ ਵਾਸਤੇ ਨੁਕਸਾਨਦੇਹ ਸਾਬਤ ਹੋਵੇਗੀ। ਇਹ ਸ਼ਬਦ ਉੱਘੇ ਖੇਤੀ ਮਾਹਿਰ ਮਹਿੰਦਰ ਸਿੰਘ ਦੋਸਾਂਝ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੇ।

ਉਨ੍ਹਾਂ ਕਿਹਾ ਕਿ ਜੇਕਰ ਮੀਂਹ ਦੀ ਆਮਦ ਵਧਦੀ ਹੈ ਤਾਂ ਕੁਝ ਕੁ ਇਲਾਕਿਆਂ 'ਚ ਫ਼ਸਲਾਂ ਦਾ ਨੁਕਸਾਨ ਵੀ ਕਰ ਸਕਦਾ ਹੈ। ਇਸ ਬਾਰਸ਼ ਨਾਲ ਜਿੱਥੇ ਬਿਜਲੀ ਦਾ ਚੋਖਾ ਫ਼ਾਇਦਾ ਹੋਇਆ ਹੈ, ਉੱਥੇ ਕਿਸਾਨਾਂ ਦੀ ਭੱਜ ਦੌੜ ਅਤੇ ਟਿਊਬਵੈੱਲਾਂ ਦੀ ਘਸਾਈ ਦਾ ਖ਼ਰਚ ਵੀ ਘਟਿਆ ਹੈ। ਉਨ੍ਹਾਂ ਕਿਹਾ ਕਿ ਮੀਂਹ ਨਾਲ ਫ਼ਸਲਾਂ ਦੀ ਸਿੰਚਾਈ ਹੋਣਾ ਧਰਤੀ ਅਤੇ ਫ਼ਸਲਾਂ ਵਾਸਤੇ ਸ਼ੁੱਭ ਸ਼ਗਨ ਵਾਂਗ ਹੈ।

ਟਿਊਬਵੈੱਲ ਦੀ ਸਿੰਚਾਈ ਨਾਲ ਅਨੇਕਾਂ ਕਿਸਮ ਦੇ ਫ਼ਸਲੀ ਅਤੇ ਕੁਦਰਤੀ ਸ੍ਰੋਤਾਂ ਦੇ ਨੁਕਸਾਨ ਹਨ। ਮੀਂਹ ਦਾ ਪਾਣੀ ਅਨੇਕਾਂ ਕਿਸਮ ਦੇ ਲੋੜੀਂਦੇ ਖਣਿਜ ਪਦਾਰਥ ਆਪਣੇ ਨਾਲ ਲੈ ਕੇ ਜ਼ਮੀਨ 'ਤੇ ਆਉਂਦਾ ਹੈ। ਉਨ੍ਹਾਂ ਸਬਜੀਆਂ ਦੇ ਨੁਕਸਾਨ ਸਬੰਧੀ ਕਿਹਾ ਕਿ ਮਟਰ, ਗੋਭੀ, ਮਿਰਚਾਂ ਅਤੇ ਸ਼ਿਮਲਾ ਮਿਰਚ ਆਦਿ ਵਾਸਤੇ ਜ਼ਿਆਦਾ ਮੀਂਹ ਨੁਕਸਾਨਦਾਇਕ ਹੁੰਦਾ ਹੈ ਫਿਰ ਵੀ ਇਸ ਮੀਂਹ ਦਾ ਕੰਢੀ ਇਲਾਕੇ ਨੂੰ ਬਹੁਤ ਫ਼ਾਇਦਾ ਹੋਣ ਵਾਲਾ ਹੈ।

----------

ਬਾਰਸ਼ ਕਾਰਨ ਸਬਜ਼ੀਆਂ 'ਚ ਹੋਇਆ ਵਾਧਾ

ਦੋ ਦਿਨ ਹੋਈ ਬਾਰਸ਼ ਕਾਰਨ ਸਬਜ਼ੀਆਂ ਦੇ ਰੇਟਾਂ 'ਚ ਬਹੁਤ ਵਾਧਾ ਹੋਇਆ ਹੈ। ਬਾਰਸ਼ ਤੋਂ ਪਹਿਲਾਂ ਬਾਜ਼ਾਰ 'ਚ ਆਲੂ 10 ਤੋਂ 15 ਰੁਪਏ ਪ੍ਰਤੀ ਕਿੱਲੋ ਸੀ ਪਰ ਹੁਣ ਇਹ ਆਲੂ 40 ਰੁਪਏ ਪ੍ਰਤੀ ਕਿੱਲੋ ਪਹੁੰਚ ਗਿਆ ਹੈ। ਇਸੇ ਤਰ੍ਹਾਂ ਹੀ ਗੋਭੀ, ਮਟਰ, ਟਮਾਟਰ, ਸ਼ਿਮਲਾ ਮਿਰਚ, ਅਦਰਕ ਅਤੇ ਮਿਰਚਾਂ ਦੇ ਪਹਿਲਾਂ ਨਾਲੋਂ ਦੁੱਗਣੇ ਹੋ ਗਏ।