ਪ੍ਰਸ਼ੋਤਮ ਬੈਂਸ, ਨਵਾਂਸ਼ਹਿਰ : ਪੁਲਿਸ ਵੱਲੋਂ ਦੋ ਸ਼ਰਾਬ ਤਸਕਰਾਂ ਕੋਲੋਂ 36 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਪੁਲਿਸ ਚੌਕੀ ਮੇਹਲੀ ਦੇ ਇੰਚਾਰਜ ਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿਚ ਗਸ਼ਤ ਦੌਰਾਨ ਟੀ-ਪੁਆਇੰਟ ਪਿੰਡ ਬੁਰਜ ਕੰਧਾਰੀ ਵਿਖੇ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੇ ਇਕ ਵਿਅਕਤੀ ਨੂੰ ਪਿੰਡ ਬਹੂਆ ਦੇ ਪੈਟਰੋਲ ਪੰਪ ਵੱਲੋਂ ਮੋਢੇ ਉੱਤੇ ਵਜ਼ਨਦਾਰ ਥੈਲਾ ਚੁੱਕੀ ਆਉਂਦੇ ਦੇਖਿਆ, ਜਿਹੜਾ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ ਸੀ। ਪੁਲਿਸ ਪਾਰਟੀ ਨੇ ਉਸ ਵਿਅਕਤੀ ਜਿਸ ਨੇ ਆਪਣਾ ਨਾਮ ਅਸ਼ੋਕ ਕੁਮਾਰ ਪੁੱਤਰ ਚਮਨ ਲਾਲ ਵਾਸੀ ਪਿੰਡ ਬੁਰਜ ਕੰਧਾਰੀ ਥਾਣਾ ਬਹਿਰਾਮ ਦੱਸਿਆ ਨੂੰ ਕਾਬੂ ਕਰਕੇ ਜਦੋਂ ਉਸ ਦੇ ਥੈਲੇ ਦੀ ਤਲਾਸ਼ੀ ਲਈ ਤਾਂ ਉਸ 'ਚੋਂ 12 ਬੋਤਲਾਂ ਸ਼ਰਾਬ ਮਾਰਕਾ ਤਮੰਨਾ ਸੋਫੀ ਫਾਰ ਸੇਲ ਇਨ ਪੰਜਾਬ ਓਨਲੀ ਬਰਾਮਦ ਹੋਈਆਂ। ਇਸੇ ਤਰ੍ਹਾਂ ਪੁਲਿਸ ਥਾਣਾ ਰਾਹੋਂ ਦੇ ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਪਿੰਡ ਸੋਇਤਾ ਤੋਂ ਰਾਹੋਂ ਵਲ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਮੁਖਬਰ ਖਾਸ ਵੱਲੋਂ ਮਿਲੀ ਸੂਚਨਾ ਦੇ ਆਧਾਰ 'ਤੇ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਨ ਵਾਲੇ ਵਿਅਕਤੀ ਦਾਣਾ ਮੰਡੀ ਰਾਹੋਂ ਦੇ ਵਾਸੀ ਹਰਪਾਲ ਸਿੰਘ ਉਰਫ਼ ਕਾਲਾ ਪੁੱਤਰ ਧਰਮ ਚੰਦ ਨੂੰ ਉਸ ਦੇ ਘਰ ਤੋਂ ਕਾਬੂ ਕੀਤਾ, ਜਿਸ ਕੋਲੋਂ 24 ਬੋਤਲਾਂ ਸ਼ਰਾਬ ਮਾਰਕਾ 555 ਗੋਲਡ ਵਿਸਕੀ ਬਰਾਮਦ ਕੀਤੀਆਂ ਗਈਆਂ।