ਰਮੇਸ਼ ਸ਼ਰਮਾ, ਨਵਾਂਸ਼ਹਿਰ : ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਮੁੱਖ ਰੱਖਦਿਆਂ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਸਿਵਲ ਸਰਜਨ ਦਫ਼ਤਰ ਵਿਖੇ ਹੋਮ ਆਈਸੋਲੇਸ਼ਨ ਤੇ ਕੋਵਿਡ-19 ਸੈਂਪਿਲੰਗ ਦੇ ਬਲਾਕ ਨੋਡਲ ਅਫਸਰਾਂ ਨਾਲ ਰੀਵਿਊ ਮੀਟਿੰਗ ਕੀਤੀ। ਮੀਟਿੰਗ 'ਚ ਕੋਵਿਡ-19 ਦੀ ਜ਼ਿਲ੍ਹੇ 'ਚ ਮੌਜੂਦਾ ਸਥਿਤੀ ਤੇ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਦੀ ਰੋਕਥਾਮ ਲਈ ਸੈਂਪਿਲੰਗ ਦੇ ਕੰਮ 'ਚ ਤੇਜ਼ੀ ਲਿਆਉਣ ਤੇ ਹੋਮ ਆਈਸੋਲੇਟ ਮਰੀਜ਼ਾਂ ਦੀ ਸਿਹਤ 'ਤੇ ਸਖਤ ਨਿਗਰਾਨੀ ਰੱਖਣ ਨੂੰ ਲੈ ਕੇ ਚਰਚਾ ਕੀਤੀ ਗਈ। ਉਨਾਂ੍ਹ ਬਲਾਕ ਨੋਡਲ ਅਫਸਰਾਂ ਨੂੰ ਹਦਾਇਤ ਦਿੰਦੇ ਹੋਏ ਕਿਹਾ ਕਿ ਜਦੋਂ ਵੀ ਕੋਈ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਜਾਵੇ ਤਾਂ ਉਸ ਨੂੰ ਤੁਰੰਤ ਹੋਮ ਆਈਸੋਲੇਟ ਕਰਵਾਇਆ ਜਾਵੇ, ਜਿਸ ਨਾਲ ਕੋਰੋਨਾ ਵਾਇਰਸ ਦੀ ਚੇਨ ਟੁੱਟੇਗੀ ਅਤੇ ਇਸ ਦੇ ਪ੍ਰਸਾਰ ਨੂੰ ਰੋਕਣ 'ਚ ਸਫਲਤਾ ਮਿਲੇਗੀ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਬਲਵਿੰਦਰ ਕੁਮਾਰ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ ਸਿੰਘ, ਡਾ. ਰਣਜੀਤ ਹਰੀਸ਼, ਡਾ. ਮੋਨਿਕਾ ਕਪੂਰ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।
--ਜ਼ਿਲ੍ਹੇ 'ਚ ਐਕਟਿਵ ਕੇਸ 534
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 534 ਐਕਟਿਵ ਕੇਸ ਹਨ, ਜਿਨਾਂ੍ਹ 'ਚੋਂ 510 ਕੋਵਿਡ ਪਾਜ਼ੇਟਿਵ ਵਿਅਕਤੀ ਆਪਣੇ ਘਰਾਂ ਵਿਚ ਹੋਮ ਆਈਸੋਲੇਟ ਹਨ। ਜਦੋਂਕਿ ਬਾਕੀ ਮਰੀਜ਼ ਜ਼ਿਲ੍ਹੇ ਅੰਦਰ ਕੋਵਿਡ ਕੇਅਰ ਲੈਵਲ-2 ਅਤੇ ਲੈਵਲ-3 ਹਸਪਤਾਲਾਂ 'ਚ ਦਾਖਲ ਹਨ। ਉਨਾਂ੍ਹ ਕਿਹਾ ਕਿ ਬਲਾਕ ਪੱਧਰੀ ਰੈਪਿਡ ਰਿਸਪਾਂਸ ਟੀਮਾਂ ਵੱਲੋਂ ਕੋਰੋਨਾ ਵਾਇਰਸ ਦੇ ਹੋਮ ਆਈਸੋਲੇਟ ਮਰੀਜ਼ਾਂ ਦੀ ਸਿਹਤ 'ਤੇ ਤਿੱਖੀ ਨਜ਼ਰ ਰੱਖੀ ਜਾਵੇ। ਹਰੇਕ ਕੋਵਿਡ ਪਾਜ਼ੇਟਿਵ ਮਰੀਜ਼ ਦੀ ਘੱਟੋ-ਘੱਟ ਤਿੰਨ ਵਾਰ ਸਿਹਤ ਜਾਂਚ ਕੀਤੀ ਜਾਵੇ। ਜੇਕਰ ਕਿਸੇ ਮਰੀਜ਼ ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਸ ਨੂੰ ਕੋਵਿਡ-19 ਦੇ ਇਲਾਜ ਲਈ ਨਿਰਧਾਰਤ ਪੋ੍ਟੋਕਾਲ ਅਨੁਸਾਰ ਕੋਵਿਡ ਕੇਅਰ ਲੈਵਲ-2 ਅਤੇ ਲੈਵਲ-3 ਦੀ ਸਹੂਲਤ ਵਿਚ ਰੈਫਰ ਕਰ ਦਿੱਤਾ ਜਾਵੇ।