ਸਟਾਫ ਰਿਪੋਰਟਰ, ਨਵਾਂਸ਼ਹਿਰ : ਪੁਲਿਸ ਨੇ ਵੱਖ-ਵੱਖ ਥਾਣੇ ਅਧੀਨ 49 ਬੋਤਲਾਂ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਥਾਣਾ ਸਦਰ ਨਵਾਂਸ਼ਹਿਰ ਦੇ ਏਐੱਸਆਈ ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਜਾਡਲਾ ਤੋਂ ਪਿੰਡ ਸ਼ਹਾਬਪੁਰ ਵੱਲ ਨੂੰ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਲਿੰਕ ਰੋਡ ਸ਼ਹਾਬਪੁਰ ਵੱਲ ਨੂੰ ਮੁੜੀ ਤਾਂ ਉਨ੍ਹਾਂ ਇਕ ਵਿਅਕਤੀ ਨੂੰ ਇਕ ਵਜ਼ਨਦਾਰ ਥੈਲਾ ਚੁੱਕੀ ਸਾਹਮਣੇ ਤੋਂ ਆਉਂਦਾ ਦੇਖਿਆ। ਜਿਹੜਾ ਪੁਲਿਸ ਨੂੰ ਦੇਖ ਕੇ ਇਕ ਪਾਸੇ ਖਾਲੀ ਖੇਤਾਂ ਵੱਲ ਨੂੰ ਤੁਰ ਪਿਆ। ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਉਸ ਨੂੰ ਕਾਬੂ ਕੀਤਾ। ਜਦੋਂ ਉਸ ਦੇ ਥੈਲੇ ਦੀ ਤਲਾਸ਼ੀ ਲਈ ਤਾਂ ਉਸ 'ਚੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਮਾਰਕਾ ਰਾਇਲ ਚੈਲੰਜਰ ਫਾਰ ਸੇਲ ਇਨ ਪੰਜਾਬ ਬਰਾਮਦ ਹੋਈ। ਜਿਸ 'ਤੇ ਕਥਿਤ ਮੁਲਜ਼ਮ ਗੁਰਦੀਪ ਸਿੰਘ ਉਰਫ਼ ਲਾਡੀ ਪੁੱਤਰ ਜੋਗਿੰਦਰ ਰਾਮ ਵਾਸੀ ਪਿੰਡ ਸਜਾਵਲਪੁਰ ਦੇ ਖਿਲਾਫ਼ ਐਕਸਾਈਜ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸੇ ਤਰ੍ਹਾਂ ਪੁਲਿਸ ਥਾਣਾ ਸਿਟੀ ਬਲਾਚੌਰ ਦੇ ਐੱਸਆਈ ਸਤਨਾਮ ਸਿੰਘ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਤਾਜਪੁਰ ਦੇ ਬੱਸ ਅੱਡੇ ਨੇੜੇ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਕਿ ਜਸਵੀਰ ਕੁਮਾਰ ਉਰਫ ਬੀਰੂ ਪੁੱਤਰ ਮਹਿੰਦਰ ਰਾਮ ਵਾਸੀ ਪਿੰਡ ਖੋਜਾ ਥਾਣਾ ਰਾਹੋਂ ਸਤਲੁਜ ਦਰਿਆ ਦੇ ਬੰਨ੍ਹ ਨੇੜੇ ਸ਼ਰਾਬ ਵੇਚ ਰਿਹਾ ਹੈ। ਪੁਲਿਸ ਵਲੋਂ ਛਾਪੇਮਾਰੀ ਕਰਕੇ ਜਸਵੀਰ ਕੁਮਾਰ ਨੂੰ ਕਾਬੂ ਕੀਤਾ। ਜਿਸ ਕੋਲੋਂ 37 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਿਸ ਨੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।