ਜਤਿੰਰਪਾਲ ਕਲੇਰ,ਕਾਠਗੜ੍ਹ : ਹੈਲਥ ਕੈਂਪਸ ਵਰਕਰ ਯੂਨੀਅਨ (ਸੀਟੂ) ਫਤਿਹਪੁਰ ਵੱਲੋਂ ਲਗਾਇਆ ਪੱਕਾ ਮੋਰਚਾ ਸ਼ਨੀਵਾਰ ਨੂੰ 56ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ ਅਤੇ ਵਰਕਰ ਲਗਾਤਾਰ ਫੈਕਟਰੀ ਪ੍ਰਬੰਧਕਾਂ ਦੀ ਧੱਕੇਸ਼ਾਹੀ ਵਿਰੁਧ ਦਲੇਰੀ ਨਾਲ ਹੀ ਪੱਕੇ ਮੋਰਚੇ ਨੂੰ ਸਫਲ ਬਣਾ ਰਹੇ ਹਨ।

ਇਸ ਸਬੰਧੀ ਕੀਤੀ ਵਰਕਰਾਂ ਵੱਲੋਂ ਕੀਤੀ ਮੀਟਿੰਗ ਤੋਂ ਪਹਿਲਾਂ ਫੈਕਟਰੀ ਪ੍ਰਬੰਧਕਾਂ ਦੀ ਗੈਰਕਾਨੂੰਨੀ ਧੱਕੇਸ਼ਾਹੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਕੰਢੀ ਸੰਘਰਸ਼ ਕਮੇਟੀ ਪੰਜਾਬ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਿਰਤ ਵਿਭਾਗ ਦੀ ਹਾਜ਼ਰੀ 'ਚ ਪ੍ਰਬੰਧਕਾਂ ਨੇ ਕਿਰਤੀ ਧਿਰ ਨਾਲ ਕਈ ਵਾਰ ਲਿਖਤੀ ਸਮਝੌਤੇ ਕੀਤੇ ਪਰ ਉਸ 'ਤੇ ਅਮਲ ਨਹੀਂ ਕੀਤਾ। ਹੁਣ ਕਿਰਤੀ ਧਿਰ ਕੋਲ ਤਿੱਖੇ ਸੰਘਰਸ਼ ਤੋਂ ਇਲਾਵਾ ਕੋਈ ਰਾਸਤਾ ਨਹੀਂ ਬਚਦਾ।

ਉਨ੍ਹਾਂ ਐਲਾਨ ਕੀਤਾ ਕਿ ਛੇਤੀ ਹੀ ਫੈਕਟਰੀ ਪ੍ਰਬੰਧਕਾਂ ਖਿਲਾਫ਼ ਰੋਸ ਐਕਸ਼ਨ ਲਾਮਬੰਦ ਕੀਤਾ ਜਾਵੇਗਾ। ਉਪਰੰਤ ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਾਥੀ ਮਹਾਂ ਸਿੰਘ ਰੋੜੀ ਪ੍ਰਧਾਨ ਪੰਜਾਬ ਸੀਟੂ ਵਿਰੁੱਧ ਦਰਜ ਕੀਤਾ ਝੂਠਾ ਪਰਚਾ ਵਾਪਸ ਲਿਆ ਜਾਵੇ ਅਤੇ ਉਨ੍ਹਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਸਾਥੀ ਜਸਵੰਤ ਸਿੰਘ ਸੈਣੀ ਜ਼ਿਲ੍ਹਾ ਜਰਨਲ ਸਕੱਤਰ ਸੀਟੂ, ਕਾਮਰੇਡ ਕਰਨੈਲ ਸਿੰਘ, ਪ੍ਰਧਾਨ ਜਸਵਿੰਦਰ ਸਿੰਘ, ਖ਼ਜ਼ਾਨਚੀ ਦਿਲਦਾਰ ਖਾਨ, ਸਤਪਾਲ ਤੋਂ ਇਲਾਵਾ ਹੋਰ ਆਗੂ ਅਤੇ ਵਰਕਰ ਵੀ ਹਾਜ਼ਰ ਸਨ।