ਜਗਤਾਰ ਮਹਿੰਦੀਪੁਰੀਆ, ਬਲਾਚੌਰ : ਕਾਂਗਰਸ ਪਾਰਟੀ ਦੇ ਨਾਮਵਰ ਆਗੂ ਅਤੇ ਪਿੰਡ ਨਾਨੋਵਾਲ ਦੇ ਸਾਬਕਾ ਸਰਪੰਚ ਅਸ਼ੋਕ ਕੁਮਾਰ ਦੇ ਪਿਤਾ ਗੁਲਜਾਰੀ ਰਾਮ ਦੇ ਹੋਏ ਦਰਦਨਾਕ ਕਤਲ ਨੂੰ 28 ਦਿਨ ਬੀਤ ਜਾਣ ਦੇ ਬਾਵਜੂਦ ਕਾਤਲਾਂ ਤਕ ਪੁੱਜਣ 'ਚ ਅਸਫ਼ਲ ਰਹੀਂ ਪੁਲਿਸ ਦੀ ਲੋਕਾਂ ਅੰਦਰੋਂ ਭਰੋਸੇਯੋਗਤਾ 'ਤੇ ਸਵਾਲੀਆ ਚਿੰਨ੍ਹ ਲੱਗਦਾ ਜਾ ਰਿਹਾ ਹੈ। ਸਬ ਡਵੀਜ਼ਨ ਬਲਾਚੌਰ ਦੇ ਲੋਕਾਂ ਦਾ ਦੱਬੀ ਆਵਾਜ਼ 'ਚ ਕਹਿਣਾ ਹੈ ਕਿ ਆਖਰ ਗੁਲਜਾਰੀ ਰਾਮ ਦੇ ਕਾਤਲ ਕਿੱਧਰ ਚਲੇ ਗਏ। ਉਨ੍ਹਾਂ ਨੂੰ ਜ਼ਮੀਨ ਖਾ ਗਈ ਜਾਂ ਆਸਮਾਨ ਨਿਗਲ ਗਿਆ ਕਿ ਪੁਲਿਸ ਦੇ ਹੱਥ ਕਾਤਲਾਂ ਤੱਕ ਪਹੁੰਚ ਹੀ ਨਹੀਂ ਰਹੇ। ਮਾਮਲੇ ਸਬੰਧੀ ਪੁਲਿਸ ਥਾਣਾ ਪੋਜੇਵਾਲ ਵਿਚ ਅਣਪਿਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਕਤਲ ਕੇਸ ਦੀ ਗੁੱਥੀ ਸੁਲਝਾਉਣ ਲਈ ਭਾਵੇਂ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ 'ਤੇ ਪੜਤਾਲ ਕੀਤੀ ਜਾ ਰਹੀ ਹੈ। ਪਰ ਇਸ ਦੇ ਬਾਵਜੂਦ ਪੁਲਿਸ ਹੱਥ ਕੁੱਝ ਵੀ ਨਹੀਂ ਲੱਗ ਰਿਹਾ।

ਜ਼ਿਕਰਯੋਗ ਹੈ ਕਿ ਗੁਲਜਾਰੀ ਰਾਮ ਆਪਣੇ ਜੱਦੀ ਘਰ ਪਿੰਡ ਨਾਨੋਵਾਲ ਵਿਖੇ ਇਕੱਲਾ ਰਹਿੰਦਾ ਸੀ, ਜਿਹੜਾ ਕਿ ਬਿਰਧ ਅਵਸਥਾ 'ਚ ਸੀ। ਕਤਲ ਦੀ ਰਾਤ (16 ਨਵੰਬਰ) ਗੁਲਜਾਰੀ ਰਾਮ ਦੇ ਘਰ ਤੋਂ ਥੋੜ੍ਹੀ ਦੂਰੀ ਨਗਰ ਵਾਸੀਆਂ ਵੱਲੋਂ ਪਿੰਡ ਵਿਚ ਡਰਾਮਾ ਕਰਵਾਇਆ ਜਾ ਰਿਹਾ ਸੀ। ਉਕਤ ਰਾਤ ਨੂੰ ਉਸ ਦਾ ਲੜਕਾ ਅਸ਼ੋੋਕ ਕੁਮਾਰ ਜੋ ਗੜ੍ਹਸ਼ੰਕਰ ਰਹਿੰਦਾ ਹੈ ਰੋਜ਼ਾਨਾ ਦੀ ਤਰ੍ਹਾਂ ਆਪਣੇ ਪਿਤਾ ਨੂੰ ਰੋਟੀ ਦੇਣ ਪਿੰਡ ਨਾਨੋਵਾਲ ਆਇਆ ਤਾਂ ਉਸ ਨੇ ਦੇਖਿਆ ਕਿ ਪਿਤਾ ਗੁਲਜਾਰੀ ਰਾਮ 'ਤੇ ਤੇਜਧਾਰ ਹਥਿਆਰ ਦੇ ਵਾਰ ਸਨ ਅਤੇ ਉਹ ਮਿ੍ਤਕ ਅਵਸਥਾ 'ਚ ਸੀ। ਮਿ੍ਤਕ ਗੁਲਜਾਰੀ ਦੀ ਆਤਮਿਕ ਸ਼ਾਂਤੀ ਲਈ ਪਿੰਡ ਨਾਨੋਵਾਲ ਵਿਖੇ ਰੱਖੇ ਪਾਠ ਦੇ ਭੋਗ (1 ਨਵੰਬਰ) ਪੈਣ ਉਪਰੰਤ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਇਹ ਭਰੋਸਾ ਦਿਵਾਇਆ ਸੀ ਕਿ ਗੁਲਜਾਰੀ ਰਾਮ ਦੇ ਕਾਤਲ ਜਲਦ ਹੀ ਸਲਾਖ਼ਾਂ ਪਿੱਛੇ ਹੋਣਗੇ। ਪਰ ਹੁਣ 28 ਦਿਨ ਤੋਂ ਉਪਰ ਸਮਾਂ ਬੀਤ ਜਾਣ 'ਤੇ ਇੰਝ ਜਾਪਦਾ ਹੈ ਕਿ ਜਿਉਂ-ਜਿਉਂ ਸਮਾਂ ਲੰਘਦਾ ਜਾ ਰਿਹਾ ਹੈ, ਤਿਉਂ-ਤਿਉਂ ਪੁਲਿਸ ਦੀ ਗਿ੍ਫ਼ਤ ਤੋਂ ਕਾਤਲ ਦੂਰ ਹੁੰਦੇ ਜਾ ਰਹੇ ਹਨ ।

-------

ਕੀ ਕਹਿੰਦੇ ਹਨ ਬਲਾਚੌਰ ਦੇ ਡੀਐੱਸਪੀ

ਇਸ ਸਬੰਧੀ ਡੀਐੱਸਪੀ ਬਲਾਚੌਰ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਟੀਮ ਜਿਸ 'ਚ ਉਹ ਖੁਦ ਅਤੇ ਡੀਐੱਸਪੀ (ਡੀ), ਇੰਸਪੈਕਟਰ/ਐੱਸਐੱਚਓ ਜਾਗਰ ਸਿੰਘ ਪੋਜੇਵਾਲ ਸ਼ਾਮਲ ਹਨ ਵੱਲੋਂ ਵੱਖ-ਵੱਖ ਪਹਿਲੂਆਂ 'ਤੇ ਬਹੁਤ ਹੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਗੁਲਜਾਰੀ ਰਾਮ ਦੇ ਕਾਤਲ ਦਾ ਪਰਦਾਫਾਸ਼ ਕਰ ਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰਨ ਵਿਚ ਕਾਮਯਾਬ ਹੋਣਗੇ।