ਪ੍ਰਦੀਪ ਭਨੋਟ, ਨਵਾਂਸ਼ਹਿਰ

ਪੰਜਾਬੀ ਜਾਗਰਣ ਵੱਲੋਂ ਗੁਰਬਾਣੀ ਕੰਠ ਮੁਕਾਬਲਾ 22 ਅਕਤੂਬਰ ਨੂੰ ਗੁਰੂ ਰਾਮ ਦਾਸ ਇੰਟਰਨੈਸ਼ਨਲ ਪਬਲਿਕ ਸਕੂਲ ਮੱਲਪੁਰ ਤਹਿਸੀਲ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਵੇਰੇ 10 ਵਜੇ ਤੋਂ 1 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ 'ਚ ਮੁੱਖ ਮਹਿਮਾਨ ਵੱਜੋਂ ਬਰਜਿੰਦਰ ਸਿੰਘ ਹੂਸੈਨਪੁਰ, ਜਥੇ. ਮਹਿੰਦਰ ਸਿੰਘ ਹੁਸੈਨਪੁਰ, ਵਿਧਾਇਕ ਅੰਗਦ ਸਿੰਘ, ਜਥੇ. ਗੁਰਬਖਸ਼ ਸਿੰਘ ਖ਼ਾਲਸਾ, ਜਰਨੈਲ ਸਿੰਘ ਵਾਹਦ ਹਲਕਾ ਇੰਚਾਰਜ, ਜਥੇ. ਰਮਨਦੀਪ ਸਿੰਘ ਥਿਆੜਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਨਛੱਤਰ ਪਾਲ ਬਸਪਾ ਨੇਤਾ ਸ਼ਿਰਕਤ ਕਰਨਗੇ। ਦੱਸਣਯੋਗ ਹੈ ਕਿ ਜਾਗਰਣ ਪਰਿਵਾਰ ਵੱਲੋਂ ਬੰਦੀ ਛੋੜ ਦਿਵਸ ਦੀ 400ਵੀਂ ਸ਼ਤਾਬਦੀ ਨੂੰ ਸਮਰਪਿਤ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾ ਰਹੇ ਹਨ। ਪੰਜਾਬੀ ਜਾਗਰਣ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਅਜੋਕੇ ਸਮੇਂ 'ਚ ਗੁਰਬਾਣੀ ਦੀ ਮਹੱਤਤਾ ਨੂੰ ਉਭਾਰਨ ਅਤੇ ਬੱਚਿਆਂ 'ਚ ਗੁਰਬਾਣੀ ਪ੍ਰਤੀ ਸ਼ਰਧਾ ਅਤੇ ਚੇਤਨਾ ਨੂੰ ਵਧਾਉਣ ਲਈ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ। ਇੰਨਾਂ੍ਹ ਮੁਕਾਬਲਿਆਂ ਵਿਚ 8 ਬਾਣੀਆਂ ਦੇ ਸ਼ੁੱਧ ਉਚਾਰਨ ਅਤੇ ਗਿਆਨ ਦੇ ਆਧਾਰ 'ਤੇ ਜੇਤੂ ਚੁਣਿਆ ਜਾਵੇਗਾ। ਬਾਣੀਆਂ ਦਾ ਵੇਰਵਾ ਇਸ ਪ੍ਰਕਾਰ ਹੈ, ਜਪੁਜੀ ਸਾਹਿਬ, ਜਾਪੂ ਸਾਹਿਬ, ਤਵ ਪ੍ਰਸਾਦਿ ਸਵੱਯੈ, ਅੰਨਦ ਸਾਹਿਬ, ਚੌਪਈ ਸਾਹਿਬ, ਰਹਿਰਾਸ ਸਾਹਿਬ, ਕੀਰਤਨ ਸੋਹਿਲਾ, ਸੁਖਮਨੀ ਸਾਹਿਬ। ਇਹ ਮੁਕਾਬਲੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਹੋਣਗੇ। ਪੰਜਾਬ ਦੇ ਵੱਖ-ਵੱਖ ਜ਼ਿੱਲਿ੍ਹਆਂ ਵਿਚ ਇਹ ਮੁਕਾਬਲੇ ਕਰਵਾਏ ਜਾਣਗੇ ਅਤੇ ਫਾਈਨਲ ਮੁਕਾਬਲਾ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਹੋਵੇਗਾ।