ਲਖਵਿੰਦਰ ਸੋਨੂੰ, ਨਵਾਂਸ਼ਹਿਰ : ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਮੱਖਣ ਲਾਲ ਚੌਹਾਨ ਨੇ ਕਿਹਾ ਕਿ ਪੰਜਾਬ ਅੰਦਰ ਬਹੁਤ ਸਾਰੇ ਲੋਕ ਅਜਿਹੇ ਹਨ। ਜਿਨਾਂ੍ਹ ਕੋਲ ਜ਼ਮੀਨ ਜਾਇਦਾਦ ਜਾਂ ਸਰਕਾਰੀ ਨੌਕਰੀ ਨਾ ਹੋਣ ਕਰਕੇ ਪਸ਼ੂ ਪਾਲਣ ਨੂੰ ਹੀ ਆਪਣਾ ਰੋਜ਼ਗਾਰ ਦਾ ਸਾਧਨ ਬਣਾਇਆ ਹੋਇਆ ਹੈ। ਜਿਵੇਂ ਮੱਛੀ ਪਾਲਣ, ਭੇਡਾਂ-ਬੱਕਰੀਆਂ, ਸੂਰ ਪਾਲਣ ਪੋਲਟਰੀ ਫਾਰਮਿੰਗ ਜਾਂ ਪਸ਼ੂ ਪਾਲਣ ਆਦਿ ਮੁੱਖ ਕਿੱਤੇ ਹਨ। ਪਸ਼ੂ ਪਾਲਣ ਇਨ੍ਹਾਂ 'ਚੋਂ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਹੈ। ਜਿਸ ਦੀ ਸਾਂਭ-ਸੰਭਾਲ ਮਾਲਕ ਆਪਣੀ ਜਾਨ ਤੋਂ ਵੀ ਵੱਧ ਕੇ ਕਰਦੇ ਹਨ। ਪਿਛਲੇ 2-3 ਮਹੀਨਿਆਂ ਤੋਂ ਪਸ਼ੂ ਧੱਫੜੀ ਦੇ ਰੋਗ ਤੋਂ ਪੀੜਤ ਹਨ ਤੇ ਮਾਲਕ ਪਰੇਸ਼ਾਨ ਹਨ। ਇਸ ਰੋਗ ਤੋਂ ਗਊਆਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਇਸ ਬਿਮਾਰੀ ਨਾਲ ਵੱਡੀ ਗਿਣਤੀ 'ਚ ਗਊਆਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਗਊਆਂ ਜ਼ਿੰਦਗੀ-ਮੌਤ ਨਾਲ ਸੰਘਰਸ਼ ਕਰ ਰਹੀਆਂ ਹਨ। ਜਿਥੇ ਸਰਕਾਰ ਇਸ ਬਿਮਾਰੀ 'ਤੇ ਕਾਬੂ ਪਾਉਣ ਲਈ ਲਗਾਤਾਰ ਯਤਨਸ਼ੀਲ ਹੈ ਉਥੇ ਪਸੂ ਮਾਲਕ ਵੀ ਪ੍ਰਸ਼ਾਸਨ ਨੂੰ ਪੂਰਾ-ਪੂਰਾ ਸਹਿਯੋਗ ਦੇ ਰਹੇ ਹਨ। ਜਿਸ ਮਾਲਕ ਦਾ ਕੋਈ ਵੀ ਪਸ਼ੂ ਮਰ ਜਾਵੇ ਉਸ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਮਾਲਕਾਂ ਦੇ ਪਸੂਆਂ ਦੀ ਮੌਤ ਹੋ ਚੁੱਕੀ ਹੈ। ਉਨਾਂ੍ਹ ਨੂੰ ਆਰਥਿਕ ਸਹਿਯੋਗ ਵਜੋਂ ਮਾਲੀ ਸਹਾਇਤਾ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਰਕੇਸ਼ ਕੁਮਾਰ ਸੀਂਹਮਾਰ, ਸੰਦੀਪ ਸਿੰਘ, ਜਸਵਿੰਦਰ ਮਹਿੰਮੀ, ਸੁਰਿੰਦਰ ਪਾਲ, ਕੁਲਦੀਪ ਰਾਜ, ਸੁਰਜੀਤ ਰਾਮ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।