ਪੱਤਰ ਪੇ੍ਰਕ, ਨਵਾਂਸ਼ਹਿਰ : ਜ਼ਿਲ੍ਹਾ ਪ੍ਰਸ਼ਾਸਨ ਤੇ ਕਿਰਤ ਵਿਭਾਗ ਜ਼ਿਲ੍ਹੇ ਦੇ ਬਾਲ ਮਜ਼ਦੂਰੀ ਨੂੰ ਰੋਕਣ ਲਈ ਕਮਰ ਕਸ ਚੁੱਕਿਆ ਹੈ ਤੇ ਟਾਕਸ ਫੋਰਸ 'ਚ ਮੈਨ ਪਾਵਰ ਘੱਟ ਹੋਣ ਨਾਲ ਬਾਲ ਮਜ਼ਦੂਰੀ ਰੋਕਣ ਦੀ ਮੁਹਿੰਮ ਫਲਾਪ ਸ਼ੋਅ ਸਾਬਤ ਹੋ ਰਹੀ ਹੈ। ਬੇਸ਼ੱਕ ਬਾਲ ਮਜ਼ਦੂਰੀ ਨੂੰ ਖ਼ਤਮ ਕਰਨ ਲਈ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ ਪਰ ਸਿਰਫ ਦੋ ਇਨਫੋਰਸਮੈਂਟ ਅਧਿਕਾਰੀਆਂ ਦੇ ਦਮ 'ਤੇ ਇਹ ਦਮਖ਼ਮ ਵਿਖਾਇਆ ਜਾ ਰਿਹਾ ਹੈ। ਇਨ੍ਹਾਂ 'ਚੋਂ ਇਕ ਅਧਿਕਾਰੀ ਦੀ ਡਿਊਟੀ ਦਸੂਹਾ ਵਿਖੇ ਲੱਗੀ ਹੋਈ ਹੈ ਜੋ ਕਿ ਸਿਰਫ ਹਫ਼ਤੇ 'ਚ ਇਕ ਦਿਨ ਲਈ ਹੀ ਬਲਾਚੌਰ 'ਚ ਆਵੇਗਾ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਜੇਕਰ ਅਧਿਕਾਰੀ ਨੇ ਹਫ਼ਤੇ 'ਚ ਇਕ ਹੀ ਦਿਨ ਕੰਮ ਕਰਨਾ ਹੈ ਤਾਂ ਹਫ਼ਤੇ ਪਰ ਜਾਗਰੂਕਤਾ ਕੈਂਪ ਕਿਵੇਂ ਚਲਾਇਆ ਜਾ ਸਕੇਗਾ। ਕਿਰਤ ਵਿਭਾਗ ਨੇ ਬਾਲ ਮਜ਼ਦੂਰੀ ਕਰਵਾਉਣ ਵਾਲਿਆਂ ਬਾਰੇ ਦੋ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਸਨ ਕਿ ਅੱਜ ਤਕ ਕੋਈ ਵੀ ਕਾਲ ਇਨ੍ਹਾਂ ਦੋਵਾਂ ਨੰਬਰਾਂ 'ਤੇ ਨਹੀਂ ਆਈ ਹੈ। ਜ਼ਿਲ੍ਹੇ 'ਚ ਬਾਲ ਮਜ਼ਦੂਰੀ ਰੋਕਣ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ ਪਰ ਕਿਰਤ ਵਿਭਾਗ ਵੱਲੋਂਂ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਸਿਰਫ ਕੰਮ ਵਾਲੇ ਦਿਨ ਹੀ ਇਸ ਨੰਬਰ 'ਤੇ ਕਾਲ ਕੀਤੇ ਜਾਵੇ। ਭਾਵ ਕੀ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤਕ ਕਾਲ ਕੀਤੀ ਜਾਵੇ ਤੇ ਛੁੱਟੀ ਵਾਲੇ ਦਿਨ ਫੋਨ ਨਾ ਕੀਤਾ ਜਾਵੇ।

===

ਬਾਕਸ

ਚਾਰ ਦਿਨ 'ਚ ਰਿਜ਼ਲਟ ਰਿਹਾ ਜ਼ੀਰੋ

ਜਾਗਰੂਕਤਾ ਹਫ਼ਤੇ 'ਚ ਪਿਛਲੇ ਚਾਰ ਦਿਨਾਂ 'ਚ ਨਤੀਜਾ ਜ਼ੀਰੋ ਹੀ ਰਿਹਾ ਹੈ। ਨਤੀਜੇ ਉਦੋਂ ਤਕ ਨਹੀਂ ਆਉਣਗੇ ਜਦੋਂ ਤਕ ਕਿਸੇ ਅਧਿਕਾਰੀ ਦੀ ਨਿਯਮਿਤ ਡਿਊਟੀ ਨਹੀਂ ਲਾਈ ਜਾਂਦੀ ਹੈ। ਜਦੋਂ ਅਧਿਕਾਰੀ ਹਫ਼ਤੇ 'ਚ ਸਿਰਫ ਇਕ ਦਿਨ ਹੀ ਆਉਣਗੇ ਤਾਂ ਨਤੀਜਾ ਆਉਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਉਥੇ ਜ਼ਿਲ੍ਹੇ ਦੇ ਲੋਕ ਵੀ ਇਸ ਮੁਹਿੰਮ 'ਚ ਕੋਈ ਦਿਲਚਸਪੀ ਨਹੀਂ ਲੈ ਰਹੇ ਹਨ। ਇਹੀ ਕਾਰਨ ਹੈ ਕਿ ਪਿਛਲੇ ਚਾਰ ਦਿਨਾਂ 'ਚ ਕੋਈ ਵੀ ਫੋਨ ਹੈਲਪਲਾਈਨ ਦੇ ਨੰਬਰਾਂ 'ਤ ਬਾਲ ਮਜ਼ਦੂਰੀ ਨੂੰ ਲੈ ਕੇ ਨਹੀਂ ਆਇਆ ਹੈ।

====

ਸਰਕਾਰੀ ਪ੍ਰਰੈੱਸ ਨੋਟ ਵੀ ਖ਼ਤਮ ਨਹੀਂ ਹੋਣ ਦਿੰਦਾ ਬਾਲ ਮਜ਼ਦੂਰੀ

ਲੋਕ ਜਨ ਸੰਪਰਕ ਵਿਭਾਗ ਵੱਲੋਂ ਜਾਰੀ ਬਾਲ ਮਜ਼ਦੂਰੀ ਨੂੰ ਲੈ ਕੇ ਜਾਰੀ ਕੀਤਾ ਜਾਂਦਾ ਪ੍ਰਰੈੱਸ ਨੋਟ ਹੀ ਬਾਲ ਮਜ਼ਦੂਰੀ ਨੂੰ ਨਹੀਂ ਖ਼ਤਮ ਹੋਣ ਦੇ ਰਿਹਾ। ਸਾਲ 'ਚ ਦੋ ਵਾਰ ਬਾਲ ਮਜ਼ਦੂਰਾਂ ਨੂੰ ੁਬਚਾਉਣ ਲਈ ਜਾਗਰੂਕਤਾ ਹਫ਼ਤਾ ਮਨਾਇਆ ਜਾਂਦਾ ਹੈ। ਜਦੋਂ ਵੀ ਜਾਗਰੂਕਤਾ ਹਫ਼ਤਾ ਮਨਾਇਆ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ ਹੀ ਅਖ਼ਬਾਰਾਂ 'ਚ ਇਹ ਖ਼ਬਰ ਲਾ ਦਿੱਤੀ ਜਾਂਦੀ ਹੈ । ਇਸ ਨਾਲ ਬਾਲ ਮਜ਼ਦੂਰੀ ਕਰਨ ਵਾਲੇ ਚੌਕਸ ਹੋ ਜਾਂਦੇ ਹਨ ਤੇ ਉਹ ਬਾਲ ਮਜ਼ਦੂਰਾਂ ਨੂੰ ਜਾਗਰੂਕਤਾ ਹਫ਼ਤੇ ਦੌਰਾਨ ਕੰਮ 'ਤੇ ਨਹੀਂ ਬੁਲਾਉਂਦੇ ਹਨ। ਇਸ ਤੋਂ ਬਾਅਦ ਪੂਰੇ ਸਾਲ ਕਿਰਤ ਵਿਭਾਗ ਵੱਲੋਂ ਬਾਲ ਮਜ਼ਦੂਰਾਂ ਨੂੰ ਛੁਡਵਾਉਣ ਲਈ ਕੋਈ ਕੰਮ ਨਹੀਂ ਕੀਤਾ ਜਾਂਦਾ ਹੈ।

===

ਸਜ਼ਾ ਤੇ ਜੁਰਮਾਨੇ ਦੀ ਹੈ ਤਜਵੀਜ

ਬਾਲ ਮਜ਼ਦੂਰੀ ਰੋਕਣ ਦੇ ਐਕਟ ਅਧੀਨ ਕੋਈ ਦੁਕਾਨਦਾਰ ਕਿਸੇ ਵੀ 14 ਸਾਲ ਤੋਂ ਲੈ ਕੇ 18 ਸਾਲ ਤਕ ਦੇ ਬੱਚੇ ਤੋਂ ਮਜ਼ਦੂਰੀ ਨਹੀਂ ਕਰਵਾ ਸਕਦਾ ਜਦੋਂਕਿ 6 ਤੋਂ 14 ਸਾਲ ਦੇ ਬੱਚਿਆਂ ਨੂੰ ਕੋਈ ਖ਼ਤਰਨਾਕ ਕੰਮ ਨਹੀਂ ਕਰਵਾਇਆ ਜਾ ਸਕਦਾ। ਇਸ ਐਕਟ ਦਾ ਉਲੰਘਣ ਕਰਨ 'ਤੇ ਛੇ ਮਹੀਨੇ ਦੀ ਕੈਦ ਤੇ 20 ਹਜ਼ਾਰ ਰੁਪਏ ਜੁਰਮਾਨਾ ਵੀ ਭੁਗਤਨਾ ਪੈ ਸਕਦਾ ਹੈ।

===

ਜਲਦ ਹੀ ਆਉਣਗੇ ਨਤੀਜੇ

ਇਸ ਬਾਰੇ ਡਿਪਟੀ ਕਮਿਸ਼ਨਰ ਵਿਨੈ ਬੁਬਲਾਨੀ ਨੇ ਕਿਹਾ ਕਿ ਜਾਗਰੂਕਤਾ ਮੁਹਿੰਮ ਦੌਰਾਨ ਸ਼ਨਿਚਰਵਾਰ ਤੇ ਐਤਵਾਰ ਨੂੰ ਛੁੱਟੀ ਹੁੰਦੀ ਹੈ। ਅਗਲੇ ਹਫ਼ਤੇ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਜਾਣਗੇ ਕਿ ਉਹ ਬਾਲ ਮਜ਼ਦੂਰੀ ਨੂੰ ਰੋਕਣ ਦੀ ਮੁਹਿੰਮ 'ਚ ਤੇਜ਼ੀ ਲਿਆਉਣ ਤੇ ਜਲਦ ਤੋਂ ਜਲਦ ਪਾਜੀਵਿਟ ਨਤੀਜੇ ਸਾਹਮਣੇ ਲਿਆਉਣ।

====

ਇਹ ਹਨ ਹੈਲਪਲਾਈਨ ਨੰਬਰ

ਨਵਾਂਸ਼ਹਿਰ ਤੇ ਬੰਗਾ ਸਬ ਡਵੀਜ਼ਨਾਂ ਲਈ ਹੈਲਪ ਲਾਈਨ ਨੰਬਰ 79867-25467 ਤੇ ਬਲਾਚੌਰ ਸਬ ਡਵੀਜ਼ਨ ਲਈ ਹੈਲਪਲਾਈਨ ਨੰਬਰ 94175-15487 'ਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤਕ ਸੰਪਰਕ ਕਰਕੇ ਬਾਲ ਮਜ਼ਦੂਰੀ ਸਬੰਧੀ ਜਾਣਕਾਰੀ ਦਿੱਤੀ ਜਾਂ ਲਈ ਜਾ ਸਕਦੀ ਹੈ।