ਲਖਵਿੰਦਰ ਸੋਨੂੰ, ਨਵਾਂਸ਼ਹਿਰ : ਪੂਰਾ ਸੰਸਾਰ ਕੋਰੋਨਾ ਮਹਾਮਾਰੀ ਦੇ ਚਲਦਿਆਂ ਵਿਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ-ਆਪਣੇ ਦੇਸ਼ ਵਾਸੀਆਂ ਲਈ ਆਰਥਿਕ ਪੈਕੇਜ ਦਾ ਐਲਾਨ ਕਰ ਰਹੀਆਂ ਹਨ। ਭਾਰਤ ਦੇ ਕਈ ਸੂਬਾ ਸਰਕਾਰਾਂ ਨੇ ਬਹੁਤ ਹੀ ਚਲਾਕੀ ਨਾਲ ਬਹੁਜਨ ਹਿੱਤ ਦੇ ਕਾਨੂੰਨਾਂ ਨੂੰ ਖ਼ਤਮ/ਕਮਜ਼ੋਰ ਕਰਨ ਦਾ ਕੰਮ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਮਈ ਦਿਵਸ ਮੌਕੇ ਨਾ-ਮਾਤਰ ਹੀ ਮਜ਼ਦੂਰੀ ਵਧਾਈ ਸੀ, ਉਹ ਫ਼ੈਸਲਾ ਵੀ ਕੁਝ ਦਿਨਾਂ ਬਾਅਦ ਹੀ ਵਾਪਸ ਲੈ ਲਿਆ। ਇਸੇ ਤਰ੍ਹਾਂ ਕਈ ਸੂਬਾ ਸਰਕਾਰਾਂ ਨੇ ਮਜ਼ਦੂਰੀ ਕਾਨੂੰਨ ਨੂੰ ਕਮਜ਼ੋਰ ਕਰਕੇ ਪੂੰਜੀਪਤੀਆਂ ਨੂੰ ਲਾਭ ਦੇਣ ਦਾ ਰਾਹ ਪੱਧਰਾ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦੀ ਅਣਥੱਕ ਯਤਨਾਂ ਸਦਕਾ ਮਜ਼ਦੂਰੀ ਦੇ ਘੰਟੇ 12-14 ਤੋਂ ਘਟਾ ਕੇ 8 ਘੰਟੇ ਕੀਤੇ ਗਏ ਸਨ ਪਰ ਇਨ੍ਹਾਂ ਸਾਮੰਤਵਾਦੀ ਸਰਕਾਰਾਂ ਨੇ ਮਜ਼ਦੂਰੀ ਦੇ ਘੰਟੇ 8 ਤੋਂ ਵਧਾ ਕੇ 12 ਘੰਟੇ ਕਰਨ ਵੱਲ ਜ਼ੋਰ ਦਿੱਤਾ ਹੋਇਆ ਹੈ। ਮਾਲਕਾਂ ਨੂੰ ਮਜ਼ਦੂਰਾਂ ਦੀ ਪਤਾੜਨ ਲਈ ਵੀ ਖੁੱਲ੍ਹ ਦੇ ਦਿੱਤੀ ਹੈ। ਭਾਵ ਮਜ਼ਦੂਰਾਂ ਦੀ ਸਰਕਾਰੀ ਦਰਬਾਰੇ ਕੋਈ ਅਪੀਲ ਦਲੀਲ ਵੀ ਨਹੀਂ ਮੰਨੀ ਜਾਵੇਗੀ। ਜਿਸ ਨੂੰ ਬਹੁਜਨ ਸਮਾਜ ਪਾਰਟੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਛੋਟਾ ਵਪਾਰੀ, ਛੋਟਾ ਦੁਕਾਨਦਾਰ ਅਤੇ ਕਿਸਾਨ ਵੀ ਇਸ ਮਹਾਮਾਰੀ ਵਿਚ ਆਰਥਿਕ ਤੌਰ 'ਤੇ ਨੁਕਸਾਨਿਆ ਗਿਆ ਹੈ। ਇਨ੍ਹਾਂ ਦੇ ਕਰਜ਼ੇ ਦੀਆਂ ਕਿਸ਼ਤਾਂ, ਬਿਜਲੀ ਦੇ ਬਿੱਲ, ਮੁਆਫ਼ ਕੀਤੇ ਜਾਣੇ ਚਾਹੀਦੇ ਹਨ। ਸਰਕਾਰ ਇਨ੍ਹਾਂ ਲਈ ਆਰਥਿਕ ਪੈਕੇਜ ਦਾ ਐਲਾਨ ਵੀ ਕਰੇ।

ਇਸ ਮੌਕੇ ਮੱਖਣ ਲਾਲ ਚੌਹਾਨ, ਅਜੇ ਕੁਮਾਰ ਕਟਾਰੀਆ, ਕੁੰਦਨ ਲਾਲ, ਕੁਲਵਿੰਦਰ ਦਰੀਆਪੁਰ, ਕੁਲਦੀਪ ਰਾਜ ਤੇ ਜਸਵਿੰਦਰ ਮਹਿਮੀ ਵੀ ਹਾਜ਼ਰ ਸਨ।