ਸੰਦੀਪ ਬੈਂਸ, ਨਵਾਂਸ਼ਹਿਰ : ਸਥਾਨਕ ਬਾਈ ਜੀ ਦੀ ਕੁਟੀਆ ਨਵਾਂਸ਼ਹਿਰ ਵਿਖੇ ਫੈੱਡਰੇਸ਼ਨ ਆਫ ਸੀਨੀਅਰ ਸਿਟੀਜ਼ਨਜ਼ ਪੰਜਾਬ ਦੀ ਗਵਰਨਿੰਗ ਬਾਡੀ ਦੀ ਸਾਲਾਨਾ ਮੀਟਿੰਗ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨਵਾਂਸ਼ਹਿਰ ਦੇ ਪ੍ਰਧਾਨ ਡਾ. ਜੇਡੀ ਵਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਫੈੱਡਰੇਸ਼ਨ ਦੇ ਚੇਅਰਮੈਨ ਐੱਸਪੀ ਕਰਕਰਾ, ਚੇਅਰਮੈਨ ਬਲਬੀਰ ਸਿੰਘ, ਪ੍ਰਧਾਨ ਨੀਲਮ ਖੋਸਲਾ, ਜਨਰਲ ਸਕੱਤਰ ਐੱਸਕੇ ਸੇਠ ਸੀਨੀਅਰ ਸਿਟੀਜ਼ਨ ਪੱਤਰਕਾਰ ਦੇ ਆਡੀਟਰ ਅਤੇ ਪੂਰੇ ਪੰਜਾਬ ਦੀਆਂ ਸੀਨੀਅਰ ਸਿਟੀਜ਼ਨ ਐਸੋਸੀਏਸ਼ਨਜ਼ ਦੇ ਕਾਰਜਕਾਰਨੀ ਕਮੇਟੀਆਂ ਦੇ ਮੈਂਬਰਾਂ ਨੇ ਹਿੱਸਾ ਲਿਆ। ਸਭ ਤੋਂ ਪਹਿਲਾਂ ਨਵਾਂਸ਼ਹਿਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜੇਡੀ ਵਰਮਾ, ਜਨਰਲ ਸਕੱਤਰ ਪੋ੍ਫੈਸਰ ਐੱਸਕੇ ਬਰੂਟਾ ਅਤੇ ਸਕੱਤਰ ਐੱਸਕੇ ਪੁਰੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਗੁਲਦਸਤੇ ਭੇਟ ਕਰ ਕੇ ਸਵਾਗਤ ਕੀਤਾ ਗਿਆ। ਉਪਰੰਤ ਪ੍ਰਧਾਨ ਡਾ. ਜੇਡੀ ਵਰਮਾ ਨੇ ਦੱਸਿਆ ਕਿ ਮੀਟਿੰਗ ਦੇ ਆਰੰਭ ਵਿਚ ਪੋ੍ਫੈਸਰ ਐੱਸਕੇ ਬਰੂਟਾ ਨੇ ਐਸੋਸੀਏਸ਼ਨ ਵੱਲੋਂ ਪਿਛਲੇ ਸਾਲ ਦੌਰਾਨ ਕੀਤੀਆਂ ਗਤੀਵਿਧੀਆਂ ਦੇ ਲੇਖੇ ਜੋਖੇ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਉਪਰੰਤ ਪੰਜਾਬ ਵਿਚ ਸੀਨੀਅਰ ਸਿਟੀਜ਼ਨਜ਼ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ, ਜਿਨ੍ਹਾਂ ਵਿਚ ਰੇਲ ਕਿਰਾਏ ਵਿਚ ਮਿਲਦੀ ਸਹੂਲਤ ਜਿਹੜੀ ਕਿ ਸਰਕਾਰ ਵੱਲੋਂ ਕੋਰੋਨਾ ਕਾਲ ਦੌਰਾਨ ਬੰਦ ਕਰ ਦਿੱਤੀ ਗਈ ਸੀ, ਨੂੰ ਮੁੜ ਚਾਲੂ ਕਰਵਾਉਣ, ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਮਨਾਉਣ ਲਈ ਸਰਕਾਰ ਵੱਲੋਂ ਦਿੱਤੀ ਜਾਂਦੀ ਸਹਾਇਤਾ ਰਾਸ਼ੀ ਜਿਹੜੀ ਕਿ ਸਾਲ 2016 ਤੋਂ ਬੰਦ ਕਰ ਦਿੱਤੀ ਗਈ ਹੈ, ਨੂੰ ਮੁੜ ਚਾਲੂ ਕਰਾਉਣ ਲਈ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਅਪੀਲ ਕਰਨ ਅਤੇ ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ ਵੱਲੋਂ ਲਾਏ ਜਾਣ ਵਾਲੇ ਟੈਕਸ 'ਤੇ ਰੋਕ ਲਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਸਬੰਧੀ ਪੰਜਾਬ ਦੀਆਂ ਸਾਰੀਆਂ ਇਕਾਈਆਂ ਨੂੰ ਆਪਣੇ ਪੱਧਰ 'ਤੇ ਸਰਕਾਰ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ ਗਿਆ। ਇਨਾਂ੍ਹ ਵਿਚਾਰਾਂ ਨਾਲ ਮੀਟਿੰਗ ਵਿਚ ਸ਼ਾਮਲ ਸਮੂਹ ਮੈਂਬਰਾਂ ਵੱਲੋਂ ਸਹਿਮਤੀ ਪ੍ਰਗਟ ਕੀਤੀ ਗਈ। ਅੰਤ 'ਚ ਸਕੱਤਰ ਐੱਸਕੇ ਪੁਰੀ ਵੱਲੋਂ ਮੀਟਿੰਗ ਵਿਚ ਸ਼ਾਮਲ ਹੋਣ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਮੀਟਿੰਗ ਦੀ ਸਮਾਪਤੀ ਦੀ ਐਲਾਨ ਕੀਤਾ ਗਿਆ।