ਪ੍ਰਦੀਪ ਭਨੋਟ, ਨਵਾਂਸ਼ਹਿਰ : ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਹਲਕਾ ਨਵਾਂਸ਼ਹਿਰ ਦੇ ਕਾਂਗਰਸੀ ਵਿਧਾਇਕ ਅੰਗਦ ਸਿੰਘ ਦੀ ਕੋਠੀ ਅੱਗੇ ਧਰਨਾ ਦਿੰਦੇ ਹੋਏ ਮੰਗ ਪੱਤਰ ਸੌਂਪਿਆ ਗਿਆ। ਪਹਿਲਾਂ ਮਜ਼ਦੂਰ ਪਿੰਡ ਸਲੋਹ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਅਤੇ ਮੁਜ਼ਾਹਰਾ ਕਰ ਕੇ ਵਿਧਾਇਕ ਦੀ ਕੋਠੀ ਅੱਗੇ ਪਹੁੰਚੇ।

ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਕਮਲਜੀਤ ਸਨਾਵਾ, ਹਰੀ ਰਾਮ ਰਸੂਲਪੁਰੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਮੁਕੰਦ ਲਾਲ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਹਰਪਾਲ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਕੈਪਟਨ ਸਰਕਾਰ ਨੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਜਿੰਨੇ ਵਾਅਦੇ ਮਜ਼ਦੂਰਾਂ ਨਾਲ ਕੀਤੇ ਸਨ, ਉਨ੍ਹਾਂ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ।

ਸਰਕਾਰ ਨੇ ਮਜ਼ਦੂਰਾਂ ਨੂੰ ਸਿਰਫ ਲਾਰਿਆਂ ਵਿਚ ਹੀ ਰੱਖਿਆ ਹੈ। ਪਿਛਲੇ ਸਮੇਂ ਵਿਚ ਮਜ਼ਦੂਰਾਂ ਦੇ ਸੁਸਾਇਟੀਆਂ ਦੇ ਕਰਜ਼ੇ ਮੁਆਫ਼ੀ ਦਾ ਨੋਟੀਫਿਕੇਸ਼ਨ ਤਾਂ ਜਾਰੀ ਕਰ ਦਿੱਤਾ ਪਰ ਕਰਜਿਆਂ ’ਤੇ ਲਕੀਰ ਨਹੀਂ ਮਾਰੀ। ਸਰਕਾਰ ਦੇ ਵਾਅਦੇ ਅਨੁਸਾਰ ਨਾ ਹੀ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਹੀ ਮਿਲੇ। ਇਸ ਮੌਕੇ ਵਿਧਾਇਕ ਨੂੰ ਯਾਦ ਪੱਤਰ ਦੇ ਕੇ ਮਜ਼ਦੂਰਾਂ ਦੇ ਸੁਸਾਇਟੀਆਂ ਦੇ ਕਰਜੇ ਦੀ ਮੁਆਫ਼ੀ, 10-10 ਮਰਲੇ ਦੇ ਰਿਹਾਇਸ਼ੀ ਪਲਾਟ, ਮਗਨਰੇਗਾ ਕਾਮਿਆਂ ਦੀ ਦਿਹਾੜੀ 600 ਰੁਪਏ ਕਰਨ ਅਤੇ ਸਾਲ ਵਿਚ 200 ਦਿਨ ਦਾ ਕੰਮ ਦੇਣ, ਸਾਰੇ ਲੋੜਵੰਦਾਂ ਦੇ ਨੀਲੇ ਕਾਰਡ ਬਣਾਉਣ ਦੀ ਮੰਗ ਕੀਤੀ।

ਵਿਧਾਇਕ ਨੇ ਮਜ਼ਦੂਰਾਂ ਦੀਆਂ ਮੰਗਾਂ ’ਤੇ ਗੌਰ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਸੁਰਿੰਦਰ ਸਿੰਘ ਭੱਟੀ, ਪੇ੍ਰਮ ਸਿੰਘ ਸ਼ਹਾਬਪੁਰ, ਤਰਕਸ਼ੀਲ ਸੁਸਾਇਟੀ ਦੇ ਆਗੂ ਸਤਪਾਲ ਸਲੋਹ ਨੇ ਵੀ ਵਿਚਾਰ ਪ੍ਰਗਟ ਕੀਤੇ। ਮਜ਼ਦੂਰਾਂ ਨੇ ਡੇਢ ਘੰਟੇ ਬਾਅਦ ਵਿਧਾਇਕ ਦੀ ਕੋਠੀ ਅੱਗਿਓਂ ਧਰਨਾ ਉਸ ਸਮੇਂ ਤਕ ਲਾਈ ਰੱਖਿਆ ਜਦੋਂ ਤਕ ਵਿਧਾਇਕ ਨੇ ਕੋਠੀ ਤੋਂ ਬਾਹਰ ਆ ਕੇ ਮਜ਼ਦੂਰ ਆਗੂਆਂ ਕੋਲੋਂ ਮੰਗ ਪੱਤਰ ਲਿਆ। ਇਸ ਧਰਨੇ ਵਿਚ ਔਰਤਾਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ।

Posted By: Jagjit Singh