ਸੰਦੀਪ ਬੈਂਸ, ਨਵਾਂਸ਼ਹਿਰ : ਜ਼ਮੀਨ ਦੀ ਵੰਡ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਵੱਲੋਂ ਥਾਣਾ ਰਾਹੋਂ ਵਿਖੇ ਮਾਮਲਾ ਦਰਜ ਕਰ ਕੇ ਮੁੱਢਲੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨ ’ਚ ਲਖਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਸਲੇਮਪੁਰ ਥਾਣਾ ਰਾਹੋਂ ਨੇ ਦੱਸਿਆ ਕਿ ਉਸ ਦਾ ਆਪਣੇ ਚਾਚੇ ਜਰਨੈਲ ਸਿੰਘ ਵਾਸੀ ਪਿੰਡ ਸਲੇਮਪੁਰ ਨਾਲ ਝਗੜਾ ਚੱਲਦਾ ਸੀ ਜਿਸ ’ਚ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਸੁਲਾਹ ਸਫ਼ਾਈ ਕਰਵਾ ਕੇ ਜ਼ਮੀਨ ਦੀ ਵੰਡ ਕਰ ਕੇ ਨਿਸ਼ਾਨੀ ਲਗਾ ਦਿੱਤੀ ਅਤੇ ਵੱਟ ਪਾ ਦਿੱਤੀ ਸੀ। ਲੰਘੀ 23 ਮਈ ਸ਼ਾਮ ਨੂੰ 5 ਕੁ ਵਜੇ ਉਹ ਆਪਣੇ ਭਰਾ ਪਰਗਣ ਸਿੰਘ ਨਾਲ ਟ੍ਰੈਕਟਰ ’ਤੇ ਖੇਤਾਂ ਵੱਲ ਗਏ ਤਾਂ ਚਾਚਾ ਜਰਨੈਲ ਸਿੰਘ ਉੱਥੇ ਖੜ੍ਹਾ ਸੀ ਅਤੇ ਉਸ ਦਾ ਪੋਤਾ ਕਰਨਦੀਪ ਸਿੰਘ ਵੀ ਟ੍ਰੈਕਟਰ ਸਟਾਰਟ ਕਰ ਕੇ ਖੜ੍ਹਾ ਸੀ। ਇਸ ’ਤੇ ਚਾਚੇ ਜਰਨੈਲ ਸਿੰਘ ਨੇ ਕਿਹਾ ਕਿ ਰਿਸ਼ਤੇਦਾਰਾਂ ਵੱਲੋਂ ਕੀਤੀ ਗਈ ਇਸ ਵੰਡ ਦਾ ਫ਼ੈਸਲਾ ਉਸ ਨੂੰ ਮਨਜ਼ੂਰ ਨਹੀਂ ਹੈ। ਜਦੋਂ ਪਰਗਣ ਸਿੰਘ ਟ੍ਰੈਕਟਰ ਤੋਂ ਉਤਰ ਕੇ ਚਾਚੇ ਨਾਲ ਗੱਲ ਕਰਨ ਲਈ ਗਿਆ ਤਾਂ ਕਰਨਦੀਪ ਸਿੰਘ ਨੇ ਉਸ ’ਤੇ ਟ੍ਰੈਕਟਰ ਚੜ੍ਹਾ ਦਿੱਤਾ ਜਿਸ ਨਾਲ ਪਰਗਣ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ। ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ ਤਾਂ ਜਰਨੈਲ ਸਿੰਘ ਤੇ ਕਰਨਦੀਪ ਸਿੰਘ ਟ੍ਰੈਕਟਰ ਛੱਡ ਕੇ ਉੱਥੋਂ ਭੱਜ ਗਏ। ਜ਼ਖ਼ਮੀ ਹਾਲਤ ਵਿਚ ਪਰਗਣ ਸਿੰਘ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ’ਚ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੀੜਤ ਧਿਰ ਵੱਲੋਂ ਦਿੱਤੇ ਗਏ ਬਿਆਨ ’ਤੇ ਪੁਲਿਸ ਵੱਲੋਂ ਮੁਲਜ਼ਮ ਜਰਨੈਲ ਸਿੰਘ ਤੇ ਕਰਨਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਤਫ਼ਤੀਸ਼ ਅਮਲ ਵਿਚ ਲਿਆਂਦੀ ਗਈ ਹੈ। ਐੱਸਐੱਚਓ ਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।

Posted By: Sandip Kaur