ਜਗਤਾਰ ਮਹਿੰਦੀਪੁਰੀਆ, ਬਲਾਚੌਰ : ਆਪ ਸਰਕਾਰ ਸੂਬਾ ਪੰਜਾਬ ਦੇ ਕਿਸਾਨਾਂ ਨੂੰ ਸਿਰਫ਼ ਝੂਠੇ ਵਾਅਦਿਆਂ ਨਾਲ ਹੀ ਵਰਗਲਾਅ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਅਜੈ ਮੰਗੂਪੁਰ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੁਕਸਾਨ ਹੋਈਆਂ ਕਣਕ ਦੇ ਕਿਸਾਨਾਂ ਨੂੰ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦੀ ਮੰਗ ਕੀਤੀ ਹੈ। ਖੇਤਾਂ ਵਿਚ ਖੜ੍ਹੀ ਕਣਕ ਦੀ ਫ਼ਸਲ ਲਗਾਤਾਰ ਬੇਮੌਸਮੀ ਬਰਸਾਤ ਕਾਰਨ ਖ਼ਰਾਬ ਹੋ ਰਹੀ ਹੈ। ਆਪ ਸਰਕਾਰ ਦੇ ਐਲਾਨਾਂ ਦੇ ਬਾਵਜੂਦ ਨਾ ਤਾਂ ਗਿਰਦਾਵਰੀ ਸਹੀ ਢੰਗ ਨਾਲ ਹੋਈ ਹੈ ਅਤੇ ਨਾ ਹੀ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਤੋਂ ਕਿਸਾਨਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਕਿ ਗਿਰਦਾਵਰੀ ਵਿਚ ਅਸਲ ਨੁਕਸਾਨ ਦੇ ਮੁਕਾਬਲੇ ਨੁਕਸਾਨ ਬਹੁਤ ਸਾਰੀਆਂ ਥਾਵਾਂ 'ਤੇ ਫ਼ਸਲਾਂ ਨੂੰ 60 ਤੋਂ 80 ਫੀਸਦੀ ਨੁਕਸਾਨ ਹੋਇਆ ਹੈ। ਜਦੋਂ ਕਿ ਗਿਰਦਾਵਰੀ ਵਿਚ ਇਹ ਸਿਰਫ 20-25 ਫ਼ੀਸਦੀ ਹੀ ਦਿਖਾਇਆ ਜਾ ਰਿਹਾ ਹੈ। ਖਰਾਬ ਮੌਸਮ ਤੇ ਸਰਕਾਰ ਦੀ ਅਣਗਹਿਲੀ ਪੰਜਾਬ ਲਈ ਘਾਤਕ ਸਿੱਧ ਹੋ ਰਹੀ ਹੈ। ਕਿਸਾਨਾਂ ਨੂੰ ਅਜਿਹੀ ਸਥਿਤੀ ਵਿਚ, ਸਰਕਾਰ ਵੱਲੋਂ ਮੁਆਵਜ਼ੇ ਦੇ ਨਾਲ ਬੋਨਸ ਦੇ ਕੇ ਕੁਝ ਹੱਦ ਤੱਕ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੇਮੌਸਮੀ ਬਰਸਾਤ ਕਾਰਨ ਸੂਬੇ ਭਰ ਦੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਖੇ ਕਿਸੇ ਵੀ ਪਿੰਡ ਦੀ ਕੋਈ ਗਿਰਦਾਵਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਹਲਕਾ ਬਲਾਚੌਰ ਵਿਖੇ ਆਪ ਦੀ ਵਿਧਾਇਕਾ ਵੱਲੋਂ ਨੁਕਸਾਨੀ ਫਸਲਾਂ ਨਾਲ ਫੋਟੋ ਕਰਵਾ ਕੇ ਅਖਬਾਰਾਂ ਵਿਚ ਇਸ਼ਤਿਹਾਰ ਜ਼ਰੂਰ ਦਿੱਤੇ ਗਏ ਪਰ ਹਲਕੇ ਵਿਚ ਗਿਰਦਾਵਰੀ ਕਿਸੇ ਵੀ ਪਿੰਡ ਵਿਚ ਨਹੀਂ ਕਰਵਾਈ ਗਈ। ਅਜੈ ਮੰਗੂਪੁਰ ਨੇ ਕਿਹਾ ਕਿ ਮੰਡੀਆਂ ਵਿਚ ਕਣਕ ਦੀ ਖਰੀਦ ਸ਼ੁਰੂ ਹੋਣ ਵਾਲੀ ਹੈ ਅਤੇ ਸਰਕਾਰ ਨੂੰ ਖਰੀਦ ਕੀਤੇ ਅਨਾਜ ਦੇ ਪ੍ਰਬੰਧ ਲਈ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ, ਸਰਕਾਰੀ ਖਰੀਦ ਸ਼ੁਰੂ ਹੋਣ ਨਾਲ ਆਮਦ ਹੋਰ ਵਧੇਗੀ। ਇਸ ਲਈ ਸਰਕਾਰ ਨੂੰ ਮੰਡੀਆਂ ਵਿਚ ਫਸਲ ਦੀ ਖਰੀਦ, ਇਸ ਦੀ ਸਾਂਭ-ਸੰਭਾਲ, ਲਿਫਟਿੰਗ, ਬਾਰਦਾਨੇ, ਤਰਪਾਲਾਂ ਸਮੇਤ ਸਾਰੇ ਪ੍ਰਬੰਧ ਕਰਨੇ ਚਾਹੀਦੇ ਹਨ, ਤਾਂ ਜੋ ਕਿਸਾਨਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।