ਪ੍ਰਦੀਪ ਭਨੋਟ, ਨਵਾਂਸ਼ਹਿਰ : ਪੰਜਾਬ ਵਿਚ ਰਾਜ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਆਰੰਭੀ ਮੁਹਿੰਮ ਨੂੰ ਹੋਰ ਮਜ਼ਬੂਤੀ ਦੇਣ ਲਈ ਰਾਜ ਦੇ ਸਰਕਾਰੀ ਕਰਮਚਾਰੀਆਂ ਪਾਸੋਂ ਵੀ ਨਸ਼ਾ ਪੀੜਤਾਂ ਦੇ ਇਲਾਜ 'ਚ ਸਹਿਯੋਗ ਲਿਆ ਜਾਵੇਗਾ ਤਾਂ ਜੋ ਉਹ ਆਪਣੀ ਸਰਕਾਰੀ ਜ਼ਿੰਮੇਂਵਾਰੀ ਦੇ ਨਾਲ-ਨਾਲ ਸਮਾਜਿਕ ਜ਼ਿੰਮੇਂਵਾਰੀ ਨੂੰ ਵੀ ਨਿਭਾਅ ਸਕਣ। ਜ਼ਿਲ੍ਹਾ ਮਿਸ਼ਨ ਟੀਮ ਦੀ ਮੀਟਿੰਗ ਦੌਰਾਨ ਇਹ ਪ੍ਰਗਟਾਵਾ ਕਰਦਿਆਂ ਡਿਪਟੀ ਵਿਨੈ ਬੁਬਲਾਨੀ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਨੂੰ ਨਸ਼ਾ ਵਿਰੋਧੀ ਮੁਹਿੰਮ 'ਚ ਪਹਿਲਾਂ ਹੀ ਡੈਪੋ ਵਾਲੰਟੀਅਰਾਂ ਵਜੋਂ ਸ਼ਾਮਲ ਕੀਤਾ ਹੋਇਆ ਹੈ ਪਰ ਹੁਣ ਉਨ੍ਹਾਂ ਦੀ ਭੂਮਿਕਾ ਨੂੰ ਨਵਾਂ ਰੂਪ ਦੇਣ ਲਈ 'ਈਚ ਵਨ ਹੈਲਪ ਵਨ' ਦਾ ਨਾਅਰਾ ਦਿੱਤਾ ਗਿਆ ਹੈ। ਇਸ ਨਵੇਂ ਰੂਪ 'ਚ ਹਰੇਕ ਸਰਕਾਰੀ ਕਰਮਚਾਰੀ ਨੂੰ ਘੱਟੋ-ਘੱਟ ਇਕ ਨਸ਼ਾ ਪੀੜਤ ਨੂੰ ਨਸ਼ਾ ਰਹਿਤ ਕਰਵਾਉਣ 'ਚ ਸਰਕਾਰ ਦਾ ਸਹਿਯੋਗ ਦੇਣਾ ਪਵੇਗਾ ਅਤੇ ਉਸ ਪੀੜਤ ਨਾਲ ਲਗਾਤਾਰ ਤਾਲਮੇਲ ਰੱਖਣਾ ਪਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 23 ਮਾਰਚ ਨੂੰ ਹਰੇਕ ਐੱਸਡੀਐੱਮ ਵੱਲੋਂ ਵਿਧਾਨ ਸਭਾ ਹਲਕਾ ਪੱਧਰ 'ਤੇ ਨਸ਼ਿਆਂ ਖ਼ਿਲਾਫ਼ ਇਕ ਜਾਗਰੂਕਤਾ ਸਮਾਗਮ ਕਰਵਾਇਆ ਜਾਵੇਗਾ। ਜਿਸ ਵਿਚ ਜਨਤਕ ਨੁਮਾਇੰਦੇ, ਪਤਵੰਤੇ, ਡੈਪੋ, ਪੰਚ-ਸਰਪੰਚ ਤੇ ਮੀਡੀਆ ਨੂੰ ਬੁਲਾਇਆ ਜਾਵੇਗਾ। ਸਮਾਗਮ ਦੌਰਾਨ ਜਿੱਥੇ ਨਸ਼ਿਆਂ ਖ਼ਿਲਾਫ਼ ਮੁਹਿੰਮ ਬਾਰੇ ਜਾਗਰੂਕ ਕੀਤਾ ਜਾਵੇਗਾ, ਉੱਥੇ ਨਸ਼ਿਆਂ ਖ਼ਿਲਾਫ਼ ਸਹੁੰ ਵੀ ਚੁਕਵਾਈ ਜਾਵੇਗੀ। ਉਨ੍ਹਾਂ ਮੀਟਿੰਗ 'ਚ ਜ਼ਿਲ੍ਹੇ 'ਚ ਨਸ਼ਿਆਂ ਖ਼ਿਲਾਫ਼ ਵੱਖ-ਵੱਖ ਪੱਧਰ 'ਤੇ ਕੀਤੀ ਜਾ ਰਹੀ ਕਾਰਵਾਈ ਅਤੇ ਪੀੜਤਾਂ ਦੇ ਇਲਾਜ ਸਬੰਧੀ ਗਤੀਵਿਧੀਆਂ ਦੀ ਸਮੀਖਿਆ ਕਰਦਿਆਂ, ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਲੋੜੀਂਦੀਆਂ ਹਦਾਇਤਾਂ ਵੀ ਕੀਤੀਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹੋਰਨਾਂ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ, ਮੌਜੂਦਾ ਨਸ਼ਾ ਮੁਕਤ ਪਿੰਡਾਂ ਤੋਂ ਨਸ਼ੇ ਨੂੰ ਦੂਰ ਰੱਖਣ, ਪਿੰਡਾਂ 'ਚ ਨਸ਼ਾ ਛੱਡਣ ਵਾਲੇ ਨੌਜੁਆਨਾਂ ਨੂੰ ਖੇਡ ਗਤੀਵਿਧੀਆਂ 'ਚ ਲਾਉਣ, ਰਾਜ ਜਾਂ ਕੌਮੀ ਪੱਧਰ 'ਤੇ ਖੇਡ ਚੁੱਕੇ ਖਿਡਾਰੀਆਂ ਰਾਹੀਂ ਪਿੰਡਾਂ 'ਚ ਖੇਡਾਂ ਨੂੰ ਉਭਾਰਨ, ਸਕੂਲਾਂ 'ਚ ਬਡੀ ਗਰੁੱਪਾਂ ਨੂੰ ਸਰਗਰਮ ਕਰਕੇ 30 ਮਿੰਟ ਦੀਆਂ ਬਡੀ ਗਤੀਵਿਧੀਆਂ ਕਰਨ, ਸਕੂਲਾਂ ਦੀਆ ਦੀਵਾਰਾਂ 'ਤੇ ਨਸ਼ਿਆਂ ਖ਼ਿਲਾਫ਼ ਨਾਅਰੇ ਲਿਖਵਾਉਣ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਮੌਕੇ ਏਡੀਸੀ (ਜ) ਅਦਿਤਿਆ ਉੱਪਲ, ਐੱਸਡੀਐੱਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐੱਸਡੀਐੱਮ ਬੰਗਾ ਗੌਤਮ ਜੈਨ, ਐੱਸਪੀ (ਐੱਚ) ਬਲਵਿੰਦਰ ਸਿੰਘ ਭੀਖੀ, ਸਿਵਲ ਸਰਜਨ ਡਾ: ਰਜਿੰਦਰ ਪ੍ਰਸਾਦ ਭਾਟੀਆ, ਡੀਐੱਮਸੀ ਡਾ: ਰਾਜ ਰਾਣੀ, ਮਨੋਰੋਗ ਮਾਹਿਰ ਡਾ: ਰਾਜਿੰਦਰ ਮਾਘੋ, ਡੀਐੱਸਐਸਓ ਸੰਤੋਸ਼ ਵਿਰਦੀ, ਤਹਿਸੀਲਦਾਰ ਬਲਾਚੌਰ ਚੇਤਨ ਬੰਗੜ, ਜੀਓਜੀ ਦੇ ਜ਼ਿਲ੍ਹਾ ਮੁਖੀ ਕਰਨਲ (ਸੇਵਾਮੁਕਤ) ਚੂਹੜ ਸਿੰਘ, ਲੈਕਚਰਾਰ ਸੁਰਜੀਤ ਸਿੰਘ ਮਝੂਰ, ਬੀਡੀਪੀਓ ਰਾਜੇਸ਼ ਚੱਢਾ, ਬੀਡੀਪੀਓ ਧਰਮਪਾਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।