ਵਿਜੇ ਜਯੋਤੀ, ਨਵਾਂਸ਼ਹਿਰ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਹਾੜ੍ਹੀ 2022-23 ਦੀਆਂ ਫਸਲਾਂ ਬਾਰੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰ ਦਾ ਕਿਸਾਨ ਮੇਲਾ ਤੇ ਖੇਤੀ ਪ੍ਰਦਰਸ਼ਨੀ 4 ਅਕਤੂਬਰ ਨੂੰ ਬਾਜੀਦ ਪੈਲੇਸ ਰਾਹੋਂ ਰੋੋਡ, ਨਵਾਂਸ਼ਹਿਰ ਵਿਖੇ ਲਾਈ ਜਾਵੇਗੀ। ਜਾਣਕਾਰੀ ਦਿੰਦਿਆਂ ਡਾ. ਹਰਵਿੰਦਰ ਲਾਲ, ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਮੇਲੇ ਦੇ ਮੁੱਖ ਮਹਿਮਾਨ ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ ਹੋਣਗੇ ਤੇ ਮੇਲੇ ਦਾ ਉਦਘਾਟਨ ਨਵਜੋਤ ਪਾਲ ਸਿੰਘ ਰੰਧਾਵਾ ਆਈਏਐੱਸ ਡਿਪਟੀ ਕਮਿਸ਼ਨਰ ਕਰਨਗੇ। ਇਸ ਤੋਂ ਇਲਾਵਾ ਡਾ.ਦਲਜੀਤ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ (ਘਣੀ ਖੇਤੀ) ਪੰਜਾਬ, ਇਸ ਮੇਲੇ ਦੇ ਵਿਸ਼ੇਸ਼ ਮਹਿਮਾਨ ਹੋਣਗੇ ਅਤੇ ਸਮਾਰੋਹ ਨੂੰ ਸੰਬੋਧਨ ਕਰਨਗੇ। ਮੇਲਾ ਸਵੇਰੇ 9 ਤੋਂ ਦੁਪਹਿਰ 2:30 ਵਜੇ ਤਕ ਚਲੇਗਾ। ਜਿਸ 'ਚ ਜ਼ਿਲ੍ਹੇ ਭਰ 'ਚੋਂ ਲਗਭਗ 1000 ਕਿਸਾਨ ਨਵੀਆਂ ਤਕਨੀਕਾਂ ਦੀ ਜਾਣਕਾਰੀ ਲੈਣ ਲਈ ਹਾਜ਼ਰ ਹੋਣਗੇ। ਉਨ੍ਹਾਂ ਦੱਸਿਆ ਕਿ ਮੇਲੇ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਦੇ ਖੇਤੀ ਮਾਹਿਰ ਹਾੜ੍ਹੀ ਦੀਆਂ ਫਸਲਾਂ ਦੇ ਬੀਜਣ ਦੇ ਢੰਗ, ਪਾਣੀ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਅਤੇ ਫਸਲਾਂ ਨੂੰ ਕੀੜਿਆਂ/ਬਿਮਾਰੀਆਂ ਤੋਂ ਬਚਾਉਣ ਲਈ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣਗੇ। ਖੇਤੀਬਾੜੀ ਨਾਲ ਸਬੰਧਤ ਨਵੀਆਂ ਤਕਨੀਕਾਂ ਨੂੰ ਦਰਸਾਉਂਦੀਆਂ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਇਸ ਲਈ ਜਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਕੈਂਪ 'ਚ ਭਾਗ ਲੈ ਕੇ ਖੇਤੀਬਾੜੀ ਸਬੰਧੀ ਤਕਨੀਕੀ ਜਾਣਕਾਰੀ ਹਾਸਲ ਕਰਨ।