<

p> ਪ੍ਰਦੀਪ ਭਨੋਟ,ਨਵਾਂਸ਼ਹਿਰ : ਨੰਬਰਦਾਰਾਂ, ਸਰਪੰਚਾਂ, ਪੰਚਾਂ, ਸਰਕਾਰੀ ਮੁਲਾਜ਼ਮ ਜਾਂ ਜਿਨ੍ਹਾਂ ਨੇ ਪੰਚਾਇਤੀ ਜ਼ਮੀਨ ਠੇਕੇ 'ਤੇ ਲਈ ਹੈ, ਜਾਂ ਿਫ਼ਰ ਜਿਨ੍ਹਾਂ ਨੇ ਖੇਤੀ ਵਿਭਾਗ ਦੀ ਸਬਸਿਡੀ ਨਾਲ ਸੰਦ ਲਏ ਹਨ, ਜੇ ਉਨ੍ਹਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਤਾਂ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਵਿਨੈ ਬੁਬਲਾਨੀ ਨੇ ਐੱਸਡੀਐੱਮਜ਼ ਤੇ ਮੁੱਖ ਖੇਤੀਬਾੜੀ ਅਫ਼ਸਰ ਨਾਲ ਪਰਾਲੀ ਸਾੜਨ ਦੀ ਰੋਕਥਾਮ ਲਈ ਕੀਤੇ ਉਪਾਆਂ ਦੀ ਨਜ਼ਰਸਾਨੀ ਲਈ ਮੀਟਿੰਗ ਕਰਨ ਤੋਂ ਬਾਅਦ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਜ਼ਮੀਨ ਠੇਕੇ 'ਤੇ ਦਿੱਤੀ ਹੈ, ਜੇ ਉਸ ਜ਼ਮੀਨ 'ਤੇ ਵੀ ਪਰਾਲੀ ਸਾੜੀ ਗਈ ਤਾਂ ਜ਼ਮੀਨ ਦੇ ਮਾਲਕ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਕਿਉਂਕਿ ਅੱਗ ਲਾਉਣ ਦੇ ਸਿਰਫ਼ ਵਾਤਾਵਰਨ 'ਤੇ ਹੀ ਮਾੜੇ ਪ੍ਰਭਾਵ ਨਹੀਂ ਹਨ, ਸਗੋਂ ਇਸ ਨਾਲ ਕਿਸਾਨ ਦੀ ਆਪਣੀ ਸਿਹਤ ਤੇ ਉਸ ਦੀ ਆਰਥਿਕਤਾ 'ਤੇ ਵੀ ਮਾੜਾ ਅਸਰ ਹੁੰਦਾ ਹੈ। ਡਿਪਟੀ ਕਮਿਸ਼ਨਰ ਨੇ ਐੱਸਡੀਐੱਮ ਨੂੰ ਨਿਰਦੇਸ਼ ਦਿੱਤੇ ਕਿ ਉਹ ਬਲਾਕ ਪੱਧਰੀ ਮੋਨੀਟਰਿੰਗ ਟੀਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਟੀਮਾਂ ਨਾਲ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਵੀ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾਉਣਗੇ, ਉਨ੍ਹਾਂ ਦੀ ਜ਼ਮੀਨ ਦੀ ਮਾਲਕੀ ਦੇ ਮਾਲ ਰਿਕਾਰਡ ਵਿਚ 'ਰੈਡ ਐਂਟਰੀ' ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ 'ਤੇ ਮੁਹੱਈਆ ਕਰਵਾਈ ਪਰਾਲੀ ਨਿਪਟਾਰਾ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਤੇ ਪਰਾਲੀ ਨੂੰ ਬਿਨਾਂ ਅੱਗ ਲਾਇਆ ਇਸ ਦਾ ਨਿਪਟਾਰਾ ਕਰਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਤੇ ਪੀਏਯੂ ਦੇ ਕੰਢੀ ਖੋਜ ਕੇਂਦਰ, ਬੱਲੋਵਾਲ-ਸੌਂਖੜੀ ਦੇ ਮਾਹਿਰਾਂ ਨਾਲ ਸੰਪਰਕ ਕਰ ਕੇ ਬਿਨਾਂ ਪਰਾਲੀ ਸਾੜੇ ਕਣਕ ਦੀ ਬਿਜਾਈ ਬਾਰੇ ਸਲਾਹ ਲੈ ਸਕਦੇ ਹਨ। ਇਸ ਤੋਂ ਇਲਾਵਾ ਸਹਿਕਾਰੀ ਸਭਾਵਾਂ ਕੋਲ ਮੌਜੂਦ ਖੇਤੀ ਮਸ਼ੀਨਰੀ ਤੇ ਮੋਬਾਇਲ 'ਤੇ ਆਈ ਖੇਤ ਮਸ਼ੀਨਰੀ ਐਪ ਲੋਡ ਕਰ ਕੇ, ਨੇੜੇ-ਤੇੜੇ ਮੌਜੂਦ ਮਸ਼ੀਨਰੀ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਇਸ ਮੌਕੇ ਐੱਸਡੀਐੱਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐੱਸਡੀਐੱਮ ਬੰਗਾ ਗੌਤਮ ਜੈਨ, ਐੱਸਡੀਐੱਮ ਬਲਾਚੌਰ ਜਸਵੀਰ ਸਿੰਘ ਤੇ ਮੁੱਖ ਖੇਤੀਬਾੜੀ ਅਫ਼ਸਰ ਗੁਰਬਖਸ਼ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।